ਭਾਜਪਾ ਦੀ ਦਿੱਲੀ ਵਿੱਚ ਹੋਈ ਸ਼ਾਨਦਾਰ ਜਿੱਤ ਮਗਰੋਂ ਜਨਤਾ ਪੰਜਾਬ ਵਿੱਚ ‘ਕਮਲ’ ਖਿੜਾਵੇਗੀ-ਗਰਚਾ
ਖੰਨਾ, 9 ਫਰਵਰੀ ( ) – ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੇ ਭਾਜਪਾ ਦੇ ਹੱਕ ਵਿੱਚ ਇਤਿਹਾਸਿਕ ਫਤਵਾ ਦੇਕੇ ਆਮ ਆਦਮੀ ਪਾਰਟੀ ਨੂੰ ਮੁਲਕ ਦੀ ਰਾਜਨੀਤੀ ‘ਚ ਉਸ ਦਾ ਮੌਜੂਦਾ ਸਹੀ ਸਥਾਨ ਦਿਖਾ ਦਿੱਤਾ ਹੈ। ਦਿੱਲੀ ਦੇ ਵੋਟਰਾਂ ਨੇ ਸਿਰਫ਼ ਭਾਜਪਾ ਨੂੰ ਹੀ ਨਹੀਂ ਜਿਤਾਇਆ ਸਗੋਂ ਭਾਜਪਾ ਦੀਆਂ ਦੇਸ਼ ਪੱਖੀ ਨੀਤੀਆਂ ਦੀ ਪ੍ਰੋੜਤਾ ਇੱਕ ਅਜਿਹੇ ਢੰਗ ਨਾਲ ਕੀਤੀ ਹੈ ਕਿ ਭਾਜਪਾ ਦੀ ਇਹ ਜਿੱਤ ਹਮੇਸਾਂ ਮੁਲਕ ਦੀ ਰਾਜਨੀਤੀ ਵਿੱਚ ਜਿਕਰਯੋਗ ਰਹੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਦਿੱਲੀ ‘ਚ ਭਾਜਪਾ ਦੀ ਹੋਈ ਜਿੱਤ ਨੂੰ ਇਤਿਹਾਸਕ ਦੱਸਦੇ ਹੋਏ ਗਰਚਾ ਨੇ ਕਿਹਾ ਕਿ ਕੌਮੀ ਰਾਜਧਾਨੀ ਦਿੱਲੀ ਦੇ ਲੋਕਾਂ ਨੇ ‘ਆਪ’ ਨੂੰ ਦੱਸ ਦਿੱਤਾ ਹੈ ਕਿ ਰਾਜ ਜੁਮਲਿਆਂ ਨਾਲ ਨਹੀਂ ਸਗੋਂ ਲੋਕ-ਪੱਖੀ ਨੀਤੀਆਂ ਤੇ ਕੰਮ ਕਰਨ ਨਾਲ ਚੱਲਦੇ ਹਨ ਅਤੇ ਇਹ ਨੀਤੀਆਂ ਸਿਰਫ ਤੇ ਸਿਰਫ ਭਾਜਪਾ ਕੋਲ ਹੀ ਹਨ। ਉਹਨਾਂ ਨੇ ਕਿਹਾ ਕਿ ਵਿਸਵ ਪ੍ਰਸਿੱਧ ਦਿੱਲੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੇਮਿਸਾਲ ਭਰੋਸਾ ਪ੍ਰਗਟ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਸਬਜ਼ਬਾਗਾਂ ਤੇ ਜੁਮਲਿਆਂ ਨਾਲ ਦਿੱਲੀ ਦੇ ਲੋਕਾਂ ਨੂੰ 11 ਸਾਲ ਤੋਂ ਵੱਧ ਸਮਾਂ ਸਿਆਸੀ ਤੌਰ ‘ਤੇ ਮੂਰਖ ਬਣਾਇਆ ਅਤੇ ਹੁਣ ਲੋਕਾਂ ਨੇ ਕੇਜਰੀਵਾਲ ਦੀ ਪਾਰਟੀ ਨੂੰ ਅਜਿਹੇ ਮੁਕਾਮ ‘ਤੇ ਧੱਕ ਦਿੱਤਾ ਕਿ ਦੇਸ਼ ਦੀ ਰਾਜਨੀਤੀ ‘ਚ ਉਸ ਦੇ ਪੈਰ ਨਹੀਂ ਲੱਗਣਗੇ। ‘ਆਪ’ ਨੇ ਕੌਮੀ ਰਾਜਧਾਨੀ ਦਾ ਹਰ ਖੇਤਰ ‘ਚ ਨਕਸਾ ਵਿਗਾੜਿਆ ਪਰੰਤੂ ਹੁਣ ਭਾਜਪਾ ਕੌਮੀ ਰਾਜਨੀਤੀ ਨੂੰ ਇਸ ਤਰ੍ਹਾਂ ਸੰਵਾਰੇਗੀ ਕਿ ਵਿਸ਼ਵ ਪੱਧਰ ‘ਤੇ ਉਦਹਾਰਣ ਤੇ ਮਿਸਾਲ ਦਿੱਤੀਆਂ ਜਾਣਗੀਆਂ। ਡਿਕਟੇਟਰ ਦੇ ਰੂਪ ਵਿੱਚ ਕੰਮ ਕਰਦੇ ਹੋਏ ਅਰਵਿੰਦ ਕੇਜਰੀਵਾਲ ਅਤੇ ਉਸਦੀ ਜੁੰਡਲੀ ਨੇ ਦਿੱਲੀ ਦੇ ਲੋਕਾਂ ਦਾ ਟੈਕਸਾਂ ਦਾ ਪੈਸਾ ਤੇ ਖੂਨ ਪਸੀਨੇ ਦੀ ਕਮਾਈ ਨੂੰ ਸੀਸ ਮਹਿਲ ‘ਤੇ ਪਾਣੀ ਵਾਂਗ ਵਹਾਇਆ ਅਤੇ ਨਿੱਜ ਦੀ ਰਾਜਨੀਤੀ ਕੀਤੀ ਪਰੰਤੂ ਹੁਣ ਸਮਾਂ ਲੋਕ ਪੱਖੀ ਰਾਜਨੀਤੀ ਦਾ ਹੈ ਜਿਸ ਦੀ ਭਾਜਪਾ ਹੀ ਪਹਿਰੇਦਾਰ ਹੈ। ਭਾਜਪਾ ਦੀ ਦਿੱਲੀ ਜਿੱਤ ਦੇ ਸੰਦਰਭ ਵਿੱਚ ਪੰਜਾਬ ਦੀ ਰਾਜਨੀਤੀ ਬਾਰੇ ਵੀ ਟਿੱਪਣੀ ਕਰਦੇ ਹੋਏ ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਕਿਹਾ ਕਿ ਹੁਣ ਪੰਜਾਬ ਵਿੱਚ ਵੀ ਝਾੜੂ ਤੀਲਾ-ਤੀਲਾ ਹੋਵੇਗਾ ਕਿਉਂਕਿ ਜਦੋਂ ਕਮਾਂਡਰ ਹੀ ਹਾਰ ਜਾਵੇ ਤਾਂ ਸਿਪਾਹੀ ਫੌਜ ਛੱਡਕੇ ਭੱਜਣ ਲੱਗ ਜਾਂਦੇ ਹਨ। ਦਿੱਲੀ ‘ਚ ‘ਆਪ’ ਦੀ ਹਾਰ ਦੀ ਇਖਲਾਕੀ ਜਿੰਮੇਵਾਰੀ ਕਬੂਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਭਗਵੰਤ ਮਾਨ ਨੇ ਪੰਜਾਬ ਦਾ ਪੈਸਾ ਦਿੱਲੀ ਜਾ ਕੇ ਲੁਟਾਇਆ ਉਨ੍ਹਾਂ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਵੱਡੇ ਵੱਡੇ ਦਾਅਵੇ ਕੀਤੇ ਸਨ।