ਭਾਜਪਾ ਦੇ ਰਾਜ ‘ਚ ਦੇਸ਼ ਦੀਆਂ ਧੀਆਂ ਸੁਰੱਖਿਅਤ ਨਹੀਂ: ਆਪ

0
144

ਭਾਜਪਾ ਦੀ ਅਣਦੇਖੀ ਇਸ ਦੀ ਢੀਠਤਾ ਨੂੰ ਦਰਸਾਉਂਦੀ ਹੈ, ਪ੍ਰਧਾਨ ਮੰਤਰੀ ਮੋਦੀ ਨੂੰ ਇਸ ‘ਤੇ ਬੋਲਣਾ ਚਾਹੀਦਾ ਹੈ: ਖੇਡ ਮੰਤਰੀ ਮੀਤ ਹੇਅਰ

ਮੀਤ ਹੇਅਰ ਨੇ ਕੀਤੀ ਮੰਗ, ਕਿਹਾ, ‘ਭਾਜਪਾ ਬ੍ਰਿਜ ਭੂਸ਼ਣ ਸਿੰਘ ਨੂੰ ਤੁਰੰਤ ਕਰੇ ਅਹੁਦੇ ਤੋਂ ਬਰਖ਼ਸਾਤ ਅਤੇ ਗ੍ਰਿਫਤਾਰ ਕਰ ਹੋਵੇ ਉਸਤੇ ਸਖ਼ਤ ਕਾਰਵਾਈ’

ਚੰਡੀਗੜ੍ਹ/ਜਲੰਧਰ, 29 ਅਪ੍ਰੈਲ

ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਸਾਡੇ ਦੇਸ਼ ਦੀਆਂ ਧੀਆਂ ਸੁਰੱਖਿਅਤ ਨਹੀਂ ਹਨ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਜਪਾ ਦੀ ਅਣਦੇਖੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ‘ਤੇ ਭਾਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਡੇ ਓਲੰਪਿਕ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਬੀਜੇਪੀ ਸਾਂਸਦ ਦੇ ਖਿਲਾਫ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਉਣ ਲਈ ਸੜ੍ਹਕਾਂ ਤੇ ਧਰਨੇ ਦੇਣੇ ਪੈ ਰਹੇ ਹਨ।

ਇੱਥੇ ਸ਼ਨੀਵਾਰ ਨੂੰ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ, ਜਲੰਧਰ ਸੁਧਾਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਅਤੇ ‘ਆਪ’ ਆਗੂ ਤੇ ਸਾਬਕਾ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਦੇ ਬੇਸ਼ਰਮੀ ਭਰੇ ਵਿਵਹਾਰ ਕਾਰਨ ਸਾਨੂੰ ਭਾਰਤੀਆਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਅੱਜ ਪੂਰੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਸਾਡੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੀ ਇਨਸਾਫ਼ ਲੈਣ ਲਈ ਧਰਨਾ ਦੇਣਾ ਪੈਂਦਾ ਹੈ ਅਤੇ ਕਿਵੇਂ ਉਨ੍ਹਾਂ ਨੂੰ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਐਫਆਈਆਰ ਦਰਜ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਹੈ।

‘ਆਪ’ ਆਗੂ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ। ਸਾਡੀਆਂ ਧੀਆਂ ਸੁਰੱਖਿਅਤ ਨਹੀਂ ਹਨ। ਭਾਜਪਾ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸਰਪ੍ਰਸਤੀ ਦਿੰਦੀ ਹੈ। ਉਨ੍ਹਾਂ ਨੇ ਇਕ ਵਿਅਕਤੀ ਨੂੰ ਮੈਦਾਨ ਵਿਚ ਉਤਾਰਿਆ, ਜਿਸ ਦੇ ਖਿਲਾਫ 40 ਕੇਸ ਦਰਜ ਸਨ। ਇੰਨਾ ਹੀ ਨਹੀਂ ਉਨ੍ਹਾਂ ਨੂੰ ਇੱਕ ਖੇਡ ਫੈਡਰੇਸ਼ਨ ਦਾ ਪ੍ਰਧਾਨ ਵੀ ਬਣਾ ਦਿੱਤਾ। ਇਸ ਤੋਂ ਵੱਧ ਗਲਤ ਅਤੇ ਅਸੰਵੇਦਨਸ਼ੀਲ ਹੋਰ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਨੀਰਵ ਮੋਦੀ, ਵਿਜੇ ਮਾਲਿਆ, ਅਡਾਨੀ, ਨੋਟਬੰਦੀ ਅਤੇ ਹੋਰ ਬਹੁਤ ਸਾਰੇ ਮਾਮਲਿਆਂ ‘ਤੇ ਮੋਦੀ ਚੁੱਪ ਰਹੇ ਪਰ ਇਹ ਖਿਡਾਰੀ ਉਨ੍ਹਾਂ ਦੀ ਰਿਹਾਇਸ਼ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ‘ਤੇ ਬੈਠੇ ਇਨਸਾਫ਼ ਦੀ ਮੰਗ ਕਰ ਰਹੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸਤੇ ਬੋਲਣਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ।

ਭਾਜਪਾ ‘ਤੇ ਵਰ੍ਹਦਿਆਂ ਹੇਅਰ ਨੇ ਕਿਹਾ ਕਿ ਅਸੀਂ ਉਸ ਸਿਆਸੀ ਪਾਰਟੀ ਤੋਂ ਇਨਸਾਫ਼ ਅਤੇ ਸੰਵੇਦਨਸ਼ੀਲਤਾ ਦੀ ਉਮੀਦ ਕਰ ਰਹੇ ਹਾਂ ਜਿਸ ਨੇ ਕੁਲਦੀਪ ਸੇਂਗਰ ਵਰਗੇ ਲੋਕਾਂ ਦੀ ਰੱਖਿਆ ਕੀਤੀ ਹੈ, ਜੋ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਹਨ। ਪਰ ਇਹ ਸਭ ਜਾਣਦੇ ਹਨ ਕਿ ਬਲਾਤਕਾਰੀਆਂ, ਕਾਤਲਾਂ ਅਤੇ ਅਪਰਾਧੀਆਂ ਦੀ ਸਰਪ੍ਰਸਤੀ ਕਰਨਾ ਭਾਜਪਾ ਦੀ ਵਿਚਾਰਧਾਰਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਮਾਪੇ ਇਹ ਵੇਖਣ ਕਿ ਇੱਥੇ ਤਾਂ ਓਲੰਪੀਅਨ ਵੀ ਸੁਰੱਖਿਅਤ ਨਹੀਂ ਹਨ, ਇਹ ਵੇਖ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਕਿਵੇਂ ਦੇਣਗੇ?

‘ਆਪ’ ਆਗੂ ਮੀਤ ਹੇਅਰ ਨੇ ਮੰਗ ਕੀਤੀ ਕਿ ਬ੍ਰਿਜ ਭੂਸ਼ਣ ਸਿੰਘ ਨੂੰ ਬਰਖਾਸਤ ਕੀਤਾ ਜਾਵੇ, ਭਾਜਪਾ ’ਚੋਂ ਕੱਢਿਆ ਜਾਵੇ ਅਤੇ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਸਾਡੇ ਖਿਡਾਰੀਆਂ ਦੀ ਗੱਲ ਸੁਣੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ। ਉਨ੍ਹਾਂ ਕਿਹਾ ਕਿ ਏਸ਼ੀਅਨ ਖੇਡਾਂ ਅਤੇ ਓਲੰਪਿਕ ਨੇੜੇ ਆ ਰਹੇ ਹਨ, ਇਨ੍ਹਾਂ ਖਿਡਾਰੀਆਂ ਨੂੰ ਆਪਣੀ ਖੇਡ ਅਤੇ ਅਭਿਆਸ ‘ਤੇ ਧਿਆਨ ਦੇਣਾ ਚਾਹੀਦਾ ਹੈ ਪਰ ਅਫ਼ਸੋਸ ਕਿ ਉਨ੍ਹਾਂ ਨੂੰ ਅਜਿਹੀ ਬੇਇਨਸਾਫ਼ੀ ਵਿਰੁੱਧ ਸੜਕਾਂ ‘ਤੇ ਧਰਨੇ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਇਨਸਾਫ ਦੀ ਦੁਹਾਈ ਦੇ ਰਹੇ ਹਨ ਪਰ ਭਾਜਪਾ ਅਤੇ ਮੋਦੀ ਦਾ ਸਾਰਾ ਧਿਆਨ ਉਨ੍ਹਾਂ ਦੇ ਵੋਟ ਬੈਂਕ ‘ਤੇ ਕੇਂਦਰਿਤ ਹੈ। ਹੇਅਰ ਨੇ ਕਿਹਾ ਕਿ ਪੂਰੀ ਦੁਨੀਆ ਦੇਖ ਰਹੀ ਹੈ, ਅਸੀਂ ਇਕਜੁੱਟਤਾ ਨਾਲ ਇਨ੍ਹਾਂ ਖਿਡਾਰੀਆਂ ਨਾਲ ਖੜ੍ਹੇ ਹਾਂ ਅਤੇ ਅਸੀਂ ਉਨ੍ਹਾਂ ਲਈ ਲੜਦੇ ਰਹਾਂਗੇ।

LEAVE A REPLY

Please enter your comment!
Please enter your name here