ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਜ਼ਮੀਨ ਬਚਾਓ ਮੋਰਚਾ ਕੁਲਰੀਆਂ ਲਗਾਤਾਰ ਜਾਰੀ ਵੱਡੀ ਗਿਣਤੀ ਵਿਚ ਕਿਸਾਨ ਅਤੇ ਔਰਤਾਂ ਨੇ ਕੀਤੀ ਸ਼ਮੂਲੀਅਤ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਜ਼ਮੀਨ ਬਚਾਓ ਮੋਰਚਾ ਕੁਲਰੀਆਂ ਲਗਾਤਾਰ ਜਾਰੀ
ਵੱਡੀ ਗਿਣਤੀ ਵਿਚ ਕਿਸਾਨ ਅਤੇ ਔਰਤਾਂ ਨੇ ਕੀਤੀ ਸ਼ਮੂਲੀਅਤ
ਦਲਜੀਤ ਕੌਰ
ਬੁਢਲਾਡਾ/ਬਰੇਟਾ 29 ਸਤੰਬਰ, 2024: ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਕੁੱਲਰੀਆਂ ਜਮੀਨ ਬਚਾਓ ਮੋਰਚਾ ਤੀਸਰੇ ਕਾਫਲੇ ਦੇ ਵਿੱਚ ਭਰਮਾ ਇਕੱਠ ਕੀਤਾ ਗਿਆ। ਮਾਨਸਾ ਤੋਂ ਇਲਾਵਾ ਜਥੇਬੰਦੀ ਦੇ ਲੁਧਿਆਣਾ ਜਿਲੇ ਦੀ ਜਥੇਬੰਦੀ ਨੇ ਭਰਮੀ ਸ਼ਮੂਲੀਅਤ ਕੀਤੀ ਗਈ। ਅੱਜ ਦੇ ਮੋਰਚੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜਗਤਾਰ ਸਿੰਘ ਦੇੜਕਾ, ਇੰਦਰਜੀਤ ਸਿੰਘ ਧਾਲੀਵਾਲ ,ਤਰਸੇਮ ਸਿੰਘ ਬਸੂਵਾਲ, ਰਣਵੀਰ ਸਿੰਘ,ਅਤੇ ਹੋਰ ਬਹੁਤ ਸਾਰੇ ਬੁਲਾਰੇ ਸ਼ਾਮਿਲ ਹੋਏ ਅਤੇ ਮਾਨਸਾ ਜ਼ਿਲ੍ਹੇ ਵੱਲੋਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਜਿਲਾ ਸਕੱਤਰ ਤਾਰਾ ਚੰਦ ਬਰੇਟਾ, ਬਲਵਿੰਦਰ ਸ਼ਰਮਾ ਖਿਆਲਾ, ਜਗਦੇਵ ਸਿੰਘ ਕੋਟਲੀ ਅਤੇ ਬੁਢਲਾਡਾ ਬਲਾਕ ਆਗੂ ਜਗਜੀਵਨ ਸਿੰਘ ਹਸਨਪੁਰ ਬਲਜੀਤ ਸਿੰਘ ਭੈਣੀ ਬਾਘਾ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕੁਲਰੀਆਂ ਦੇ ਆਬਾਦਕਾਰ ਕਿਸਾਨਾਂ ਦੀ ਜਮੀਨ ਹਰ ਹਾਲਤ ਬਚਾਈ ਜਾਵੇਗੀ ਅਤੇ ਮੋਰਚਾ ਅੰਤਿਮ ਜਿੱਤ ਤੱਕ ਬਾ ਦਸਤੂਰ ਜਾਰੀ ਰਹੇਗਾ। ਅੱਜ ਦੇ ਇਕੱਠ ਵਿੱਚ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਵੀ ਗਿਣਨ ਯੋਗ ਸੀ ਅਤੇ ਕਿਸਾਨਾਂ ਨੇ ਰੋਹ ਭਰਪੂਰ ਨਾਹਰੇ ਲਗਾ ਕੇ ਸਰਕਾਰ ਭਗਵੰਤ ਮਾਨ ਦੀ ਸਰਕਾਰ ਅਤੇ ਐਮਐਲਏ ਬੁੱਧਰਾਮ ਦਾ ਪਿੱਟ ਸਿਆਪਾ ਕੀਤਾ ਅਤੇ ਸਰਕਾਰ ਦੇ ਭੂ-ਮਾਫੀਆ ਅਤੇ ਪੁਲਿਸ ਗੱਠਜੋੜ ਦੀ ਨਿਖੇਧੀ ਕੀਤੀ ਗਈ ਅਤੇ ਪਿੰਡ ਦੇ ਸਾਬਕਾ ਸਰਪੰਚ ਰਾਜਵੀਰ ਰਾਜੂ ਵੱਲੋਂ ਜੋ ਗੱਡੀਆਂ ਚੜਾ ਕੇ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ ਸੀ, ਉਸ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਟਾਲ ਮਟੋਲ ਦੀ ਨੀਤੀ ‘ਤੇ ਚੱਲ ਰਿਹਾ ਹੈ ਅਤੇ ਲਾਰੇ ਲਗਾ ਕੇ ਸਮਾਂ ਲੰਘਾਂ ਕਰ ਰਿਹਾ ਹੈ ਜਦੋਂ ਕਿ ਦੋ ਟੁੱਕ ਫੈਸਲਾ ਲੈ ਕੇ ਕਿਸਾਨਾਂ ਦੀ ਜ਼ਮੀਨ ‘ਤੇ ਉਹਨਾਂ ਦਾ ਕਬਜ਼ਾ ਬਹਾਲ ਰੱਖਿਆ ਜਾਵੇ । ਉਹਨਾਂ ਮੰਗ ਕੀਤੀ ਕਿ 57 ਸਾਲ ਦੀ ਗਰਦੌਰੀ ਬਹਾਲ ਰੱਖੀ ਜਾਵੇ ਅਤੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਇਹ ਸਾਰੀਆਂ ਮੰਗਾਂ ਮੰਨੇ ਜਾਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ