

* ਦੋਹਾਂ ਮੁਲਕਾਂ ਨੇ 2030 ਤੱਕ ਦੁਵੱਲਾ ਵਪਾਰ ਦੁੱਗਣਾ ਕਰਨ ਦਾ ਮਿੱਥਿਆ ਟੀਚਾ
ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਭਾਰਤ ਤੇ ਯੂ ਕੇ ਨੇ ਤਜਵੀਜ਼ਸ਼ੁੱਦਾ ਮੁਕਤ ਵਪਾਰ ਸਮਝੌਤੇ ਦੀਆਂ ਸ਼ਰਤਾਂ ਰਸਮੀ ਤੌਰ ’ਤੇ ਤੈਅ ਕਰ ਲਈਆਂ ਹਨ। ਇਸ ਸਮਝੌਤੇ ਨਾਲ ਸਾਲ 2030 ਤੱਕ ਦੁਪਾਸੜ ਵਪਾਰ ਤਕਰੀਬਨ ਦੁੱਗਣਾ ਕਰਨ ਵਿੱਚ ਸਹਾਇਤਾ ਮਿਲੇਗੀ ਤੇ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਜਬਰਦਸਤ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ। ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਸ਼ਰਤਾਂ ਵੀਰਵਾਰ ਨੂੰ ਇਥੇ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਤੇ ਕੌਮਾਂਤਰੀ ਵਪਾਰ ਬਾਰੇ ਯੂ ਕੇ ਦੀ ਰਾਜ ਮੰਤਰੀ ਐਨੀ ਮਾਰੀ ਟਰੈਵੇਲਾਨ ਨੇ ਸਾਂਝੇ ਤੌਰ ’ਤੇ ਜਾਰੀ ਕੀਤੀਆਂ। ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਮਗਰੋਂ ਦੋਵਾਂ ਦੇਸ਼ਾਂ ਨੇ ਇਨ੍ਹਾਂ ਦੀ ਤਾਈਦ ਕੀਤੀ ਹੈ। ਸ੍ਰੀ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਕਤ ਵਪਾਸ ਸਮਝੌਤੇ ਤਹਿਤ ਪਹਿਲੇ ਗੇੜ ਦੀ ਗੱਲਬਾਤ 17 ਜਨਵਰੀ ਨੂੰ ਸ਼ੁਰੂ ਹੋਵੇਗੀ ਤੇ ਭਵਿੱਖ ਦੇ ਗੇੜਾਂ ਦੀ ਗੱਲਬਾਤ ਇਕ ਅੰਦਾਜ਼ੇ ਮੁਤਾਬਕ ਹਰ ਪੰਜ ਹਫ਼ਤਿਆਂ ਮਗਰੋਂ ਹੋਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਦਸੰਬਰ 2022 ਤੱਕ ਗੱਲਬਾਤ ਨੂੰ ਮੁਕਾ ਲੈਣਗੇ। ਗੋਇਲ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਹਿਮਤੀ ਦਿੱਤੀ ਹੈ ਕਿ ਉਹ ਸ਼ੁਰੂਆਤ ਵਿੱਚ ਪਰਸਪਰ ਲਾਭ ਵਾਲੇ ਖੇਤਰਾਂ ਵੱਲ ਧਿਆਨ ਧਰਨਗੇ । ਪਿਊਸ਼ ਨੇ ਕਿਹਾ ਕਿ ਉਹ ਸਾਲ ਦੇ ਅੰਦਰ ਸਮਝੌਤੇ ਨੂੰ ਅਮਲੀ ਰੂਪ ਦੇ ਦੇਣਗੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਚਮੜਾ, ਕੱਪੜਾ, ਗਹਿਣੇ ਤੇ ਪ੍ਰੋਸੈਸਡ ਖੇਤੀ ਉਤਪਾਦਾਂ ਨਾਲ ਜੁੜੀਆਂ ਭਾਰਤੀ ਬਰਾਮਦਾਂ ਨੂੰ ਹੁਲਾਰਾ ਦੇਣ ਵਿੱਚ ਸਹਾਈ ਹੋਵੇਗਾ।