ਭਾਰਤ-ਪਾਕਿ ਜੰਗਬੰਦੀ ਨਾਲ ਸਰਹੱਦ ‘ਤੇ ਤਣਾਅ ਘਟੇਗਾ,ਪੰਜਾਬ ਨੂੰ ਫ਼ਾਇਦਾ- ਬ੍ਰਹਮਪੁਰਾ

0
22
ਭਾਰਤ-ਪਾਕਿ ਜੰਗਬੰਦੀ ਨਾਲ ਸਰਹੱਦ ‘ਤੇ ਤਣਾਅ ਘਟੇਗਾ,ਪੰਜਾਬ ਨੂੰ ਫ਼ਾਇਦਾ- ਬ੍ਰਹਮਪੁਰਾ
ਜੰਗ ਕਿਸੇ ਮਸਲੇ ਦਾ ਹੱਲ ਨਹੀਂ,ਇਸਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਲੋਕਾਂ ਨੂੰ- ਬ੍ਰਹਮਪੁਰਾ
ਸਰਹੱਦੀ ਵਸਨੀਕਾਂ ਦੀ ਸੁਰੱਖਿਆ ਤੇ ਖੁਸ਼ਹਾਲੀ ਸਰਕਾਰਾਂ ਦੀ ਪਹਿਲ ਹੋਵੇ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,10 ਮਈ 2025
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਜੰਗਬੰਦੀ ਸਮਝੌਤੇ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਬੇਹੱਦ ਸੁਖਾਵਾਂ ਅਤੇ ਰਾਹਤ ਭਰਿਆ ਹੈ।ਸ.ਬ੍ਰਹਮਪੁਰਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸੱਚਾਈ ਹੈ ਕਿ ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਅਤੇ ਇਸ ਦਾ ਸਭ ਤੋਂ ਵੱਧ ਨੁਕਸਾਨ ਸਰਹੱਦਾਂ ‘ਤੇ ਵੱਸਦੇ ਆਮ ਲੋਕਾਂ ਨੂੰ ਹੀ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਅਤੇ ਇੱਥੇ ਵਸਦੇ ਲੋਕਾਂ ਲਈ ਇਹ ਬਹੁਤ ਹੀ ਸਕਰਾਤਮਕ ਕਦਮ ਹੈ।ਅਮਨ-ਸ਼ਾਂਤੀ ਦਾ ਮਾਹੌਲ ਲੋਕਾਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਂਦਾ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਜੰਗਬੰਦੀ ਨਾਲ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਇਸ ਨਾਲ ਨਾ ਸਿਰਫ਼ ਲੋਕ ਬੇਖ਼ੌਫ਼ ਹੋ ਕੇ ਆਪਣੀ ਖ਼ੇਤੀਬਾੜੀ ਅਤੇ ਰੋਜ਼ਾਨਾ ਕੰਮਕਾਜ ਕਰ ਸਕਦੇ ਹਨ,ਸਗੋਂ ਬੱਚੇ ਸੁਰੱਖਿਅਤ ਮਾਹੌਲ ਵਿੱਚ ਸਕੂਲ ਜਾ ਸਕਦੇ ਹਨ,ਵਪਾਰਕ ਗਤੀਵਿਧੀਆਂ ਮੁੜ ਸੁਰਜੀਤ ਹੋ ਸਕਦੀਆਂ ਹਨ ਅਤੇ ਇਨ੍ਹਾਂ ਪੱਛੜੇ ਖੇਤਰਾਂ ਦਾ ਵਿਕਾਸ ਤੇਜ਼ ਹੋ ਸਕਦਾ ਹੈ।ਜੰਗਬੰਦੀ ਨਾਲ ਲੋਕਾਂ ਦੇ ਮਨਾਂ ਵਿਚੋਂ ਡਰ ਨਿਕਲਦਾ ਹੈ ਅਤੇ ਉਹ ਆਮ ਜੀਵਨ ਜੀਣ ਦੇ ਯੋਗ ਹੁੰਦੇ ਹਨ।ਸਰਹੱਦੀ ਲੋਕਾਂ ਲਈ ਸ਼ਾਂਤੀ ਹੀ ਅਸਲ ਤਰੱਕੀ ਦਾ ਰਾਹ ਹੈ ਅਤੇ ਇਹ ਮਾਹੌਲ ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ।ਉਨ੍ਹਾਂ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸੇ ਵੀ ਹਾਲਾਤਾਂ ਵਿੱਚ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਰਹਿਣ ਅਤੇ ਸਰਹੱਦੀ ਖੇਤਰਾਂ ਦੇ ਵਿਕਾਸ ਅਤੇ ਇੱਥੋਂ ਦੇ ਵਸਨੀਕਾਂ ਦੀ ਸੁਰੱਖਿਆ ਤੇ ਖੁਸ਼ਹਾਲੀ ਨੂੰ ਹਮੇਸ਼ਾ ਤਰਜੀਹ ਦੇਣ।ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੰਤ ਵਿੱਚ ਕਿਹਾ ‘ਸ਼੍ਰੋਮਣੀ ਅਕਾਲੀ ਦਲ ਸਰਹੱਦੀ ਇਲਾਕਿਆਂ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਖੁਸ਼ਹਾਲੀ ਲਈ ਯਤਨਸ਼ੀਲ ਰਹੇਗਾ। ਅਸੀਂ ਦੁਆ ਕਰਦੇ ਹਾਂ ਅਤੇ ਉਮੀਦ ਰੱਖਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਦਾ ਇਹ ਮਾਹੌਲ ਬਰਕਰਾਰ ਰਹੇ। ਸਰਹੱਦਾਂ ‘ਤੇ ਚੁੱਪੀ ਬਣੀ ਰਹਿਣਾ ਹੀ ਇੱਥੋਂ ਦੇ ਵਸਨੀਕਾਂ ਲਈ ਸਭ ਤੋਂ ਵੱਡੀ ਲੋੜ ਅਤੇ ਸਭ ਤੋਂ ਚੰਗੀ ਗੱਲ ਹੈ।

LEAVE A REPLY

Please enter your comment!
Please enter your name here