ਫਰਿਜ਼ਨੋ, (ਨੀਟਾ ਮਾਛੀਕੇ)-ਭਾਰਤ ਸਰਕਾਰ ਨੇ ਕਿਸਾਨ ਮੋਰਚੇ ਅਤੇ ਹੋਰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਕੈਨੇਡਾ ਹੋਰ ਦੇਸ਼ਾਂ ਵਿਚ ਰਹਿ ਰਹੇ ਕੁੱਝ ਭਾਰਤੀ ਮੂਲ ਦੇ ਨਾਗਰਿਕਾਂ ਦੇ ਲੰਬੀ ਮਿਆਦ ਦੇ ਵੀਜ਼ਾ ਅਤੇ ਓ. ਸੀ. ਆਈ. ਕਾਰਡ ਰੱਦ ਕੀਤੇ ਹਨ। ਇਸ ਸਬੰਧੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਸਰਕਾਰ ਉਨ੍ਹਾਂ ਵਿਅਕਤੀਆਂ ’ਤੇ ਸਖਤ ਕਾਰਵਾਈ ਕਰ ਰਹੀ ਹੈ ਜੋ ਭਾਰਤ ਵਿੱਚ ਸੈਲਾਨੀ ਵੀਜ਼ੇ ’ਤੇ ਆਏ ਸਨ ਅਤੇ ਕਿਸਾਨ ਮੋਰਚੇ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ। ਇਸੇ ਤਰ੍ਹਾਂ ਕੁੱਝ ਵਿਅਕਤੀ ਜੋ ਓ ਸੀ ਆਈ ਕਾਰਡ ਧਾਰਕ ਸਨ ਅਤੇ ਉਹਨਾਂ ਨੇ ਕਿਸਾਨ ਮੋਰਚੇ ਅਤੇ ਹੋਰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲਿਆ ਸੀ ਦੇ ਓ ਸੀ ਆਈ ਕਾਰਡ ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਸਰਕਾਰ ਦੁਆਰਾ ਰੱਦ ਕੀਤੇ ਗਏ ਵੀਜ਼ਾ ਅਤੇ ਓ ਸੀ ਆਈ ਕਾਰਡਾਂ ਦੀ ਸਹੀ ਗਿਣਤੀ ਜਨਤਕ ਨਹੀਂ ਕੀਤੀ ਗਈ ਹੈ ਪਰ ਰਿਪੋਰਟਾਂ ਅਨੁਸਾਰ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਦਰਜਨ ਤੋਂ ਵੱਧ ਹੋ ਸਕਦੀ ਹੈ। ਇਸਦੇ ਇਲਾਵਾ ਭਾਰਤ ਸਰਕਾਰ ਨੇ ਉਨ੍ਹਾਂ ਭਾਰਤੀ ਵਿਦਿਆਰਥੀਆਂ ਦੇ ਦਾਖਲੇ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ ਜੋ ਵਿਦੇਸ਼ਾਂ ਵਿੱਚ ਪੜ੍ਹ ਰਹੇ ਸਨ ਅਤੇ ਉਨ੍ਹਾਂ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ।
Boota Singh Basi
President & Chief Editor