ਮਾਨਸਾ, 16 ਸਤੰਬਰ: ਪੇਂਡੂ ਵਿਕਾਸ ਮੰਤਰਾਲੇ ਅਤੇ ਮਗਨਰੇਗਾ ਸਕੀਮ ਦੀਆਂ ਹਦਾਇਤਾਂ ਅਨੁਸਾਰ ਮਗਨਰੇਗਾ ਸਕੀਮ ਅਧੀਨ ਕੰਮਾਂ ਦਾ ਸ਼ੋਸ਼ਲ ਆਡਿਟ ਕਰਵਾਇਆ ਜਾਣਾ ਲਾਜ਼ਮੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਸ੍ਰੀ ਟੀ ਬੈਨਿਥ ਆਈ.ਏ. ਐਸ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਸ਼ੋਸ਼ਲ ਆਡਿਟ ਸ਼ੋਸ਼ਲ ਆਡਿਟ ਯੂਨਿਟ, ਪੰਜਾਬ ਵੱਲੋਂ ਪਿੰਡਾਂ ਦਾ ਕੈਲੰਡਰ ਤਿਆਰ ਕਰਕੇ ਕਰਵਾਇਆ ਜਾਂਦਾ ਹੈ। ਪਿੰਡ ਪੱਧਰ ’ਤੇ ਸ਼ੋਸ਼ਲ ਆਡਿਟ ਯੂਨਿਟ, ਪੰਜਾਬ ਵੱਲੋਂ ਨਿਯੁਕਤ ਵਿਲੇਜ਼ ਰਿਸੋਰਸ ਪਰਸਨ ਵੱਲੋਂ ਸ਼ੋਸ਼ਲ ਆਡਿਟ ਕੀਤਾ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਲੇਜ਼ ਰਿਸੋਰਸ ਪਰਸਨ ਵੱਲੋਂ ਇਕ ਪਿੰਡ ਵਿਚ 3 ਦਿਨਾਂ ਲਈ ਸ਼ੋਸ਼ਲ ਆਡਿਟ ਕੀਤਾ ਜਾਂਦਾ ਹੈ। ਪਹਿਲੇ ਦਿਨ ਮਗਨਰੇਗਾ ਸਕੀਮ ਅਧੀਨ ਕਰਵਾਏ ਗਏ ਕੰਮਾਂ ਸਬੰਧੀ ਰਿਕਾਰਡ, ਵਰਕ ਫਾਇਲਾਂ, ਰਜਿਸਟਰ ਆਦਿ ਚੈੱਕ ਕੀਤਾ ਜਾਂਦਾ ਹੈ, ਦੂਜੇ ਦਿਨ ਕੰਮਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ, ਮਿਣਤੀ ਅਤੇ ਜਾਬ ਕਾਰਡਧਾਰਕਾਂ ਦੇ ਕਾਰਡ ਅਤੇ ਹਾਜ਼ਰੀ ਚੈੱਕ ਕੀਤੀ ਜਾਂਦੀ ਹੈ। ਤੀਸਰੇ ਦਿਨ ਉਨ੍ਹਾਂ ਵੱਲੋਂ ਪਿਛਲੇ ਦਿਨਾਂ ਵਿਚ ਚੈੱਕ ਕੀਤੇ ਗਏ ਰਿਕਾਰਡ ਨੂੰ ਗ੍ਰਾਮ ਸਭਾ ਵਿਚ ਪੇਸ਼ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਸ਼ੋਸ਼ਲ ਆਡਿਟ ਯੂਨਿਟ ਪੰਜਾਬ ਵੱਲੋਂ ਪ੍ਰਾਪਤ ਕੈਲੰਡਰ ਅਨੁਸਾਰ ਬਲਾਕ ਬੁਢਲਾਡਾ ਅਤੇ ਬਲਾਕ ਭੀਖੀ ਦੇ ਪਿੰਡਾਂ ਵਿਖੇ ਸ਼ੋਸ਼ਲ ਆਡਿਟ ਟੀਮ ਵੱਲੋਂ ਸ਼ੋਸ਼ਲ ਆਡਿਟ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਮਗਨਰੇਗਾ ਸਟਾਫ ਨੂੰ ਹਦਾਇਤ ਕੀਤੀ ਕਿ ਸ਼ੋਸ਼ਲ ਆਡਿਟ ਟੀਮ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਮਗਨਰੇਗਾ ਸਕੀਮ ਸਬੰਧੀ ਰਿਕਾਰਡ ਐਮ.ਬੀ. ਆਦਿ ਆਡਿਟ ਅਨੁਸਾਰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮਗਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾ ਸਕੇ।