ਜਗਰਾਉਂ, 31 ਜੁਲਾਈ, 2024: ਬੀਤੀ ਰਾਤ ਸਥਾਨਕ ਸ਼ੇਰਪੁਰਾ ਰੋਡ ਤੇ ਪੀ ਸੀ ਆਰ ਪੁਲਸ ਵੱਲੋਂ ਧੱਕਾ ਮਾਰਨ ਤੇ ਡਿਗੱਣ ਕਾਰਨ ਮੋਤ ਦੇ ਮੁੰਹ ਚ ਜਾ ਪਏ ਗੱਲਾ ਮਜ਼ਦੂਰ ਆਗੂ ਰਾਜਪਾਲ ਉਰਫ ਪਾਲ਼ਾ ਬਾਬਾ ਦੇ ਕਤਲ ਖ਼ਿਲਾਫ਼ ਸਥਾਨਕ ਦਾਣਾ ਮੰਡੀ ਚ ਕੰਮਕਾਜ ਪੂਰੀ ਤਰਾਂ ਠੱਪ ਰਿਹਾ। ਦਾਣਾ ਮੰਡੀ ‘ਚ ਹੋਈ ਵਿਸ਼ਾਲ ਇੱਕਤਰਤਾ ਚ ਸਭ ਤੋਂ ਪਹਿਲਾਂ ਵਿਛੜੇ ਆਗੂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਆਗੂਆਂ ਨੇ ਇਸ ਅਤਿਅੰਤ ਹਿਰਦੇਵੇਦਕ ਘਟਨਾ ਦੀ ਨਿੰਦਾ ਕਰਦਿਆਂ ਧੱਕਾ ਮਾਰਨ ਦੇ ਦੋਸ਼ੀ ਪੁਲਸ ਕਾਂਸਟੇਬਲ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।
ਇਸ ਸਮੇਂ ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਦੇਵਰਾਜ, ਜਗਤਾਰ ਸਿੰਘ ਤਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਘਨਈਆਂ ਲਾਲ ਬਾਂਕਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਆਗੂਆਂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਓੁਮਰਾ, ਸਾਬਕਾ ਵਿਧਾਇਕ ਜੱਗਾ ਹਿੱਸੋਵਾਲ, ਬਿਕਡਰਜ ਐਸੋਸੀਏਸ਼ਨ ਦੇ ਆਗੂ ਹਰਨੇਕ ਸਿੰਘ ਸੋਈ, ਤਰਕਸ਼ੀਲ ਆਗੂ ਸੁਰਜੀਤ ਦੋਧਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਮਾਣੂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ )ਦੇ ਆਗੂ ਮਦਨ ਸਿੰਘ , ਮਜ਼ਦੂਰ ਆਗੂ ਹੁਕਮ ਰਾਜ ਦੇਹੜਕਾ, ਆਲ ਇੰਡੀਅਨ ਕਿਸਾਨ ਸਭਾ ਦੇ ਆਗੂ ਬੂਟਾ ਸਿੰਘ ਹਾਂਸ, ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਆਗੂ ਗੁਰਦਿਆਲ ਸਿੰਘ ਅਤੇ ਦੀਪਾ ਪ੍ਰਧਾਨ ਮੋਗਾ ਆਦਿ ਨੇ ਦੋਸ਼ੀ ਪੁਲਸ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੰਡੀ ਕੰਪਲੈਕਸ ‘ਚ ਐਸ਼ ਪੀ ਐਚ ਮਨਵਿੰਦਰ ਬੀਰ ਸਿੰਘ ਨਾਲ ਹੋਈ ਮੀਟਿੰਗ ‘ਚ ਕੋਈ ਸਾਰਥਕ ਸਿੱਟਾ ਨਾ ਨਿਕਲਣ ਤੇ ਇੱਕਤਰ ਧਰਨਾਕਾਰੀਆ ਨੇ ਜਿਲਾ ਪੁਲਸ ਮੁੱਖੀ ਦੇ ਦਫ਼ਤਰ ਦਾ ਘਿਰਾਓ ਕਰ ਲਿਆ। ਇੱਥੇ ਪੁਲਸ ਮੁੱਖੀ ਨਾਲ ਹੋਈ ਮੀਟਿੰਗ ਚ ਅਧਿਕਾਰੀਆਂ ਨੇ ਦਸ ਦਿਨ ਦੇ ਸਮੇਂ ਚ ਪੜਤਾਲ ਮੁਕੰਮਲ ਕਰਕੇ ਦੋਸ਼ੀ ਖਿਲਾਫ ਕਾਰਵਾਂਈ ਦਾ ਭਰੋਸਾ ਦਿੱਤਾ। ਇਸ ਸਮੇਂ ਇੱਕਤਰਤਾ ‘ਚ ਡੀ ਐਨ ਪੀ ਸ਼੍ਰੀ ਵਡੇਰਾ ਵੱਲੋਂ ਭਰੋਸਾ ਦੇਣ ਤੇ ਹਾਜ਼ਰ ਮਰਦ ਔਰਤਾਂ ਨੇ ਜ਼ੋਰਦਾਰ ਰੋਸ ਜ਼ਾਹਰ ਕਰਦਿਆਂ ਤੁਰੰਤ ਮੁਕਦੱਮਾ ਦਰਜ ਕਰਨ ਦੀ ਮੰਗ ਕੀਤੀ। ਉਪਰੰਤ ਧਰਨਾਕਾਰੀਆ ਨੇ ਪਰਚਾ ਦਰਜ ਹੋਣ ਤੱਕ ਮਜ਼ਦੂਰ ਆਗੂ ਦੀ ਦੇਹ ਨੂੰ ਅਗਨ ਭੇਂਟ ਨਾ ਕਰਨ ਦਾ ਐਲਾਨ ਕੀਤਾ। ਇਸ ਸਮੇਂ ਇੰਦਰਜੀਤ ਸਿੰਘ ਲੋਧੀਵਾਲ. ਜਗਤ ਸਿੰਘ ਕਲੇਰ, ਕੁੰਡਾ ਸਿੰਘ ਕਾਉਕੇ, ਰਵਿੰਦਰ ਪਾਲ ਰਾਜੂ ਕਾਮਰੇਡ, ਮਾਸਟਰ ਮਲਕੀਤ ਸਿੰਘ ਆਦਿ ਹਾਜ਼ਰ ਸਨ।