ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਦੀਆਂ ਮੰਗਾਂ ਸਬੰਧੀ ਸੂਬੇ ਭਰ ‘ਚ ਹੋਣਗੇ ਰੋਸ ਪ੍ਰਦਰਸ਼ਨ
ਸੰਗਰੂਰ/ਦਿੜ੍ਹਬਾ,
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਇਲਾਕਾ ਕਮੇਟੀ ਦਿੜਬਾ ਦੀ ਮੀਟਿੰਗ ਗੁਰਦਵਾਰਾ ਬੇਰਸੀਆਣਾ ਸਾਹਿਬ ਵਿਖੇ ਹੋਈ। ਜਿਸ ‘ਚ ਆਗੂਆਂ ਵੱਲੋ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਲਾਕਾ ਆਗੂ ਹਰਚਰਨ ਸਿੰਘ ਢੰਢੋਲੀ ਕਲਾਂ ਨੇ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸਾਂਝੇ ਸੱਦੇ ਤਹਿਤ ਭੂਮੀ ਸੁਧਾਰ ਕਾਨੂੰਨ 1972 ਨੂੰ ਲਾਗੂ ਕਰਕੇ ਉਸ ਮੁਤਾਬਿਕ 17-5 ਏਕੜ ਤੋਂ ਉੱਪਰਲੀ ਜ਼ਮੀਨ ਦਲਿਤਾਂ ਅਤੇ ਬੇਜ਼ਮੀਨੇ ਕਿਸਾਨਾਂ ਵਿੱਚ ਵੰਡਣ, ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਦੇਣ, ਪੰਚਾਇਤੀ ਜਮੀਨ ਦਾ 33% ਹਿੱਸਾ ਦਲਿਤਾਂ ਨੂੰ ਘੱਟ ਰੇਟ ‘ਤੇ ਪੱਕੇ ਤੌਰ ਤੇ ਦੇਣ, ਨਜੂਲ ਸੋਸਾਇਟੀ ਦੀਆਂ ਜਮੀਨਾਂ ਦੇ ਮਾਲਕੀ ਹੱਕ ਦੇਣ ਅਤੇ ਪੇਂਡੂ ਧਨਾਡ ਚੌਧਰੀਆਂ ਦੇ ਨਜਾਇਜ਼ ਕਬਜ਼ੇ ਹਟਾਏ ਜਾਣ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਅਤੇ ਉਸਾਰੀ ਲਈ ਪੰਜ ਲੱਖ ਰੁਪਏ ਗ੍ਰਾਂਟ ਜਾਰੀ ਕਰਵਾਉਣ ਸਮੇਤ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਦਲਿਤਾਂ ਅਤੇ ਬੇਜ਼ਮੀਨਿਆਂ ਨੂੰ ਮੈਂਬਰ ਬਣਾ ਕੇ ਮਿਲਦੀਆਂ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਗਈ।
ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਵੱਲੋਂ ਜਿੱਥੇ ਅੱਜ ਗੁਰਬਤ ਦੀ ਜ਼ਿੰਦਗੀ ਬਤੀਤ ਕੀਤੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਵੱਡੇ ਭੂਮੀਪਤੀਆਂ ਕੋਲ ਸੈਂਕੜੇ ਏਕੜ ਜਮੀਨਾਂ ਹਨ ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਇਸ ਵਿਤਕਰੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਤਿੱਖੀ ਲੜਾਈ ਲੜੀ ਜਾਵੇਗੀ ਅਤੇ ਉਹਨਾਂ ਐਲਾਨ ਕੀਤਾ ਕਿ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਨੂੰ ਐੱਸਡੀਐੱਮ ਦਫਤਰਾਂ ਅੱਗੇ ਪੰਜਾਬ ਭਰ ਵਿੱਚ ਧਰਨੇ ਮੁਜਾਹਰੇ ਕੀਤੇ ਜਾਣਗੇ।
ਇਸ ਮੌਕੇ ਉਪਰੋਕਤ ਤੋਂ ਬਿਨਾਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗਗਨਦੀਪ ਸਿੰਘ ਸਾਦੀਹਰੀ, ਮਿੱਠੂ ਸਿੰਘ ਸਮੂਰਾ, ਬਲਜੀਤ ਸਿੰਘ ਸਿਹਾਲ, ਆਦਿ ਹਾਜਰ ਸਨ ।