ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਲਾਂ ਵੱਧ ਰਹੀਆਂ ਵਿਖਾਈ ਦੇ ਰਹੀਆਂ ਹਨ। ਕੌਮੀ ਜਾਂਚ ਏਜੰਸੀ ਨੇ ਵਿਦੇਸ਼ ਜਾਣ ਤੋਂ ਰੋਕਣ ਅਤੇ ਪੁੱਛਗਿੱਛ ਤੋਂ ਬਾਅਦ ਹੁਣ ਗਾਇਕ ਦੇ ਬਿਨਾਂ ਮਨਜੂਰੀ ਵਿਦੇਸ਼ ਜਾਣ ਉਪਰ ਪਾਬੰਦੀ ਲਗਾ ਦਿੱਤੀ ਹੈ। ਐਨਆਈਏ ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਗੈਂਗਸਟਰਾਂ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦੇਈਏ ਦੇਰ ਰਾਤ ਕੌਮੀ ਜਾਂਚ ਏਜੰਸੀ ਨੇ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਨਕੀਰਤ ਔਲਖ ਨੂੰ ਦੁਬਈ ਜਾਣ ਤੋਂ ਰੋਕ ਲਿਆ ਸੀ। ਉਪਰੰਤ ਐਨਆਈਏ ਨੇ ਅਦਾਕਾਰ ਤੋਂ 2 ਘੰਟੇ ਪੁਛਗਿੱਛ ਵੀ ਕੀਤੀ, ਜਿਸ ਤੋਂ ਬਾਅਦ ਉਹ ਵਾਪਸ ਚੰਡੀਗੜ੍ਹ ਆਪਣੇ ਘਰ ਪਰਤ ਆਏ ਸੀ। ਜਾਣਕਾਰੀ ਮੁਤਾਬਕ ਉਹ ਚੰਗੀਗੜ੍ਹ ਤੋਂ ਇਂਡੀਗੋ ਦੀ ਫਲਾਈਟ ’ਤੇ ਦੁਬਈ ਜਾ ਰਹੇ ਸਨ।ਜਾਣਕਾਰੀ ਅਨੁਸਾਰ ਐਨਆਈਏ ਇਨ੍ਹਾਂ ਕੇਸਾਂ ਦੀ ਜਾਂਚ ਕਰ ਰਹੀ ਹੈ ਅਤੇ ਜਦੋਂ ਤੱਕ ਜਾਂਚ ਜਾਰੀ ਰਹੇਗੀ, ਉਦੋਂ ਤੱਕ ਪੰਜਾਬੀ ਗਾਇਕ ਮਨਕੀਰਤ ਜਾਂਚ ਏਜੰਸੀ ਦੀ ਬਿਨਾਂ ਮਨਜੂਰੀ ਵਿਦੇਸ਼ ਨਹੀਂ ਜਾ ਸਕਦੇ ਹਨ। ਦੂਜੇ ਪਾਸੇ ਸੂਤਰਾਂ ਅਨੁਸਾਰ ਐਨਆਈਏ ਵਿਦੇਸ਼ ਜਾਣ ਤੋਂ ਰੋਕਣ ਅਤੇ ਬਿਨਾਂ ਮਨਜੂਰੀ ਤੋਂ ਵਿਦੇਸ਼ ਨਾ ਜਾਣ ਦੇਣ ਦੇ ਮਾਮਲੇ ਨੂੰ ਗਾਇਕ ਔਲਖ ਹਾਈਕੋਰਟ ਦਾ ਰੁਖ ਕਰ ਸਕਦੇ ਹਨ।
ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਔਲਖ ਨੇ ਕਿਹਾ ਸੀ ਕਿ ਕਿਸੇ ਟੈਕਨੀਕਲ ਕਾਰਨ ਕਰ ਕੇ ਉਹ ਦੁਬਈ ਨਹੀਂ ਜਾ ਸਕਿਆ। ਔਲਖ ਨੇ ਸ਼ੋਅ ਦੇ ਲਈ ਦੁਬਈ ਜਾਣਾ ਸੀ ਪਰ ਉਹ ਨਹੀਂ ਜਾ ਸਕੇ। ਔਲਖ ਨੇ ਕਿਹਾ ਹੈ ਕਿ ਸ਼ੋਅ ਕੈਂਸਲ ਕਰ ਦਿੱਤਾ ਗਿਆ ਹੈ ਇੱਕ ਜਾਂ ਦੋ ਦਿਨ ਤੱਕ ਸ਼ੋਅ ਦੀ ਨਵੀਂ ਤਰੀਕ ਦੀ ਜਾਣਕਾਰੀ ਦੇ ਦੇਣਗੇ।