ਮਨਪ੍ਰੀਤ ਕੌਰ ਹਮੀਦੀ ਦਾ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਸੰਸਕਾਰ; ਅਲਵਿਦਾ ਮਨਪ੍ਰੀਤ ਕੌਰ ਹਮੀਦੀ

0
203

ਮਿਸੀਸਾਗਾ (ਕਨੇਡਾ ) ਚ ਇਲਾਜ਼ ਦੌਰਾਨ ਹੋਈ ਸੀ ਬੇਵਕਤੀ ਮੌਤ; ਹਮੀਦੀ ਦਾ ਸ਼ਮਸ਼ਾਨ ‘ਚ ਅੰਤਿਮ ਸੰਸਕਾਰ

ਮਹਿਲਕਲਾਂ, 20 ਅਗਸਤ, 2023: ਹਮੀਦੀ ਦੀ ਨੌਜਵਾਨ ਦੀ ਮਨਪ੍ਰੀਤ ਕੌਰ ਜਿਸ ਦੀ 9 ਅਗਸਤ ਨੂੰ ਮਿਸੀਸਾਗਾ (ਕਨੇਡਾ) ਵਿੱਚ ਇਲਾਜ਼ ਦੌਰਾਨ ਬੇਵਕਤੀ ਮੌਤ ਹੋ ਗਈ ਸੀ, ਦਾ ਅੱਜ ਹਜ਼ਾਰਾਂ ਨਮ ਅੱਖਾਂ ਨੇ ਹਮੀਦੀ ਦੇ ਸ਼ਮਸ਼ਾਨ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ।

ਯਾਦ ਰਹੇ ਕਿ ਪਿੰਡ ਸਹੌਰ (ਹਮੀਦੀ)ਦੇ ਕਿਸਾਨ ਆਗੂ ਕੇਵਲ ਸਿੰਘ ਦੀ ਬੇਟੀ ਕੈਨੇਡਾ ਦੇ ਸੂਬੇ ਟਰਾਂਟੋ ਮਿਸੀਸਾਗਾ ਸ਼ਹਿਰ ਵਿੱਚ ਪੜ੍ਹਾਈ ਕਰਨ ਲਈ ਇੱਕ ਸਾਲ ਪਹਿਲਾਂ ਗਈ ਸੀ। ਬੱਚੀ ਮਨਪ੍ਰੀਤ ਕੌਰ ਦੀ 9 ਅਗਸਤ ਨੂੰ ਸਵੇਰੇ ਮਨਹੂਸ ਖ਼ਬਰ ਮਿਲੀ ਕਿ ਮਨਪ੍ਰੀਤ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮਨਪ੍ਰੀਤ ਕੌਰ ਦੇ ਪਿਤਾ ਕੇਵਲ ਸਿੰਘ, ਵੱਡੀ ਭੈਣ ਸੁਮਨਪ੍ਰੀਤ,ਮਾਤਾ ਜਸਵਿੰਦਰ ਕੌਰ ਨੂੰ ਇਸ ਖ਼ਬਰ ਨੇ ਪਹਾੜ ਜਿੱਡੇ ਦੁੱਖ ਨੇ ਵਿੱਚ ਸੁੱਟ ਦਿੱਤਾ। 11 ਦਿਨਾਂ ਬਾਅਦ ਅੱਜ ਬਕਸੇ ਵਿੱਚ ਲਪੇਟੀ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਜਦ ਹਮੀਦੀ ਪੁੱਜੀ ਤਾਂ ਮਾਪਿਆਂ ਸਮੇਤ ਹਰ ਅੱਖ ਨਮ ਸੀ। ਹਰ ਸ਼ਖਸ ਗੰਭੀਰ ਮੁਦਰਾ ਵਿੱਚ ਸੋਚਣ ਲਈ ਮਜ਼ਬੂਰ ਸੀ ਕਿ ਆਖ਼ਰ ਮਨਪ੍ਰੀਤ ਕੌਰ ਵਰਗੀਆਂ ਨੌਜਵਾਨ ਧੀਆਂ ਦੀਆਂ ਅਸਾਧਾਰਨ ਹਾਲਤਾਂ ਵਿੱਚ ਮੌਤਾਂ ਕਿਉਂ ਹੋ ਰਹੀਆਂ ਹਨ। ਅੱਜ ਹਮੀਦੀ ਦੇ ਸ਼ਮਸ਼ਾਨ ਘਾਟ ਵਿੱਚ ਹਜ਼ਾਰਾਂ ਨਮ ਅੱਖਾਂ ਨੇ ਭਰੇ ਮਨ ਨਾਲ ਮਨਪ੍ਰੀਤ ਕੌਰ ਨੂੰ ਅਲਵਿਦਾ ਆਖੀ।

ਇਸ ਬੇਹੱਦ ਗ਼ਮਗੀਨ ਮਹੌਲ ਵਿੱਚ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਇਨ੍ਹਾਂ ਅਸਾਧਾਰਨ, ਬੇਵਕਤੀ ਅਸਿਹ ਤੇ ਅਕਿਹ ਮੌਤਾਂ ਦੇ ਕਾਰਨਾਂ ਪ੍ਰਤੀ ਚਿੰਤਾ ਅਤੇ ਗੰਭੀਰ ਚਿੰਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਮਨਪ੍ਰੀਤ ਕੌਰ ਕਈ ਮਹੀਨਿਆਂ ਤੋਂ ਨਮੂਨੀਏ ਦੀ ਬਿਮਾਰੀ ਦਾ ਸ਼ਿਕਾਰ ਸੀ। ਫਿਰ ਵੀ ਮਾਪਿਆਂ ਦੀ ਤੰਗੀ ਤੁਰਸ਼ੀ ਉਸ ਨੂੰ ਵੇਅਰਹਾਊਸ ਅਤੇ ਫੈਕਟਰੀ ਵਿੱਚ ਕੰਮ ਕਰਨ ਲਈ ਮਜ਼ਬੂਰ ਕਰ ਰਹੀ ਸੀ। ਕਿਉਂਕਿ ਮਾਪੇ ਕਿੰਨੀਆਂ ਤੰਗੀਆਂ ਤੁਰਸ਼ੀਆਂ ਕੱਟ ਕੇ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਭੇਜਦੇ ਹਨ। ਇਸ ਤਰ੍ਹਾਂ ਦੀਆਂ ਖਬਰਾਂ ਮਨ ਨੂੰ ਬਹੁਤ ਦੁੱਖ ਪਹੁੰਚਾਉਂਦੀਆਂ ਹਨ। ਇਹ ਖ਼ਬਰ ਸਭਨਾਂ ਵਾਸਤੇ ਅਤਿ ਦੁੱਖਦਾਇਕ ਹੈ ਕਿ ਮਨਪ੍ਰੀਤ ਕੌਰ ਹਰ ਵਿਅਕਤੀ ਦੀ ਧੀ ਸੀ। ਉਸ ਤੋਂ ਵੀ ਵੱਧ ਇਹ ਕਿ ਮਨਪ੍ਰੀਤ ਸੰਘਰਸ਼ੀਲ ਪ੍ਰੀਵਾਰ ਦੀ ਧੀ ਸੀ। ਸਾਥੀ ਕੇਵਲ ਸਿੰਘ ਆਪ ਵੀ ਕਿਸਾਨ ਘੋਲਾਂ ਤੋਂ ਸਮਾਜਿਕ ਜ਼ਬਰ ਵਿਰੋਧੀ ਖਾਸ ਕਰ ਮਹਿਲਕਲਾਂ ਲੋਕ ਘੋਲ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਆਪਣੀਆਂ ਦੋਵੇਂ ਧੀਆਂ ਸੁਮਨ ਅਤੇ ਮਨਪ੍ਰੀਤ ਨੂੰ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਹਰ ਸਾਲ ਕਿਰਨਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ ਵਿੱਚ ਲੈਕੇ ਆਉਂਦਾ। ਉਨ੍ਹਾਂ ਨੂੰ ਸਟੇਜ ਤੋਂ ਬੋਲਣ ਲਈ ਉਤਸ਼ਾਹਿਤ ਕਰਦਾ। ਜੈਤੋ ਵਿਦਿਆਰਥੀਆਂ ਨਾਲ ਹੁੰਦੀ ਧੱਕੇਸ਼ਾਹੀ ਖ਼ਿਲਾਫ਼ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਚਲਦੇ ਸੰਘਰਸ਼ ਦੌਰਾਨ ਡੀਐਸਪੀ ਖ਼ੁਦਕੁਸ਼ੀ ਕਰ ਗਿਆ। ਇਸ ਸਮੇਂ ਸੁਮਨ ਅਤੇ ਗੁਰਬੀਰ ਲੌਂਗੋਵਾਲ ਨੂੰ ਪੁਲਿਸ ਨੇ ਟਾਰਚਰ ਕੀਤਾ। ਕੇਵਲ ਅਤੇ ਮਨਪ੍ਰੀਤ ਨੇ ਸੁਮਨ ਨੂੰ ਡੋਲਣ ਨਹੀਂ ਦਿੱਤਾ, ਸਗੋਂ ਜਬਰ ਦੇ ਖ਼ਿਲਾਫ਼ ਟੱਕਰ ਦੀਆਂ ਇਤਿਹਾਸ ਵਿੱਚਲੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਦ੍ਰਿੜਤਾ ਨਾਲ ਡਟੇ ਰਹਿਣ ਦਾ ਹੌਸਲਾ ਦਿੱਤਾ। ਇਸ ਲਈ ਮਨਪ੍ਰੀਤ ਦਾ ਬੇਵਕਤੀ ਵਿਛੋੜਾ ਅਸਹਿ ਵੀ ਅਤੇ ਅਕਿਹ ਵੀ ਹੈ। ਅਜਿਹੀਆਂ ਨੌਜਵਾਨਾਂ ਦੀਆਂ ਬੇਵਕਤੀ ਮੌਤਾਂ ਵਡੇਰੇ ਚਿੰਤਨ ਦਾ ਵਿਸ਼ਾ ਹਨ। ਇਹ ਭਾਣਾ ਮੰਨਣ ਵਾਲੀ ਸਾਧਾਰਨ ਮੌਤ ਨਹੀਂ ਹੈ। ਇਹ ਨੌਜਵਾਨਾਂ ਦੇ ਇਸ ਲੁਟੇਰੇ ਤੇ ਜਾਬਰ ਪ੍ਰਬੰਧ ਵੱਲੋਂ ਯੋਜਨਾਬੱਧ ਢੰਗ ਨਾਲ ਕੀਤੇ ਜਾ ਰਹੇ ਕਤਲਾਂ ਦੀ ਲੜੀ ਹੈ। ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਮਨਪ੍ਰੀਤ ਵਾਂਗ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਨੌਜਵਾਨ ਪੜ੍ਹਾਈ ਅਤੇ ਕੰਮ ਦੇ ਦਬਾਅ ਹੇਠ ਜ਼ਿੰਦਗੀ ਜਿਉਂ ਰਹੇ ਹਨ। ਫੈਕਟਰੀਆਂ ਵਿੱਚ ਬਹੁਤ ਔਖੀਆਂ ਹਾਲਤਾਂ ਹਨ। ਜਦੋਂ ਇਹ ਮੌਤ ਅਸਾਧਾਰਨ ਹੈ ਤਾਂ ਸਵਾਲ ਕਰਨਾ ਬਣਦਾ ਹੈ ਕਿ ਆਖਰ ਇਨ੍ਹਾਂ ਨੌਜਵਾਨਾਂ ਨੂੰ ਅਣਆਈ ਮੌਤ ਦੇ ਮੂੰਹ ਧੱਕਣ ਲਈ ਕੌਣ ਜ਼ਿੰਮੇਵਾਰ ਹੈ। ਅਸੀਂ ਸੂਝਵਾਨ ਲੋਕ ਮਨਪ੍ਰੀਤ ਦੀ ਮੌਤ ਦੇ ਸਦਮੇ ਨੂੰ ਜਿਉਂ ਰਹੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਆਪਣੀ ਆਵਾਜ਼ ਉਠਾਈਏ। ਇਹੋ ਕੇਵਲ ਸਿੰਘ ਹਮੀਦੀ ਦੇ ਪ੍ਰੀਵਾਰ ਨਾਲ ਸੱਚੀ ਹਮਦਰਦੀ ਅਤੇ ਮਨਪ੍ਰੀਤ ਕੌਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਇਸ ਸਮੇਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਮਲਕੀਤ ਸਿੰਘ ਮਹਿਲਕਲਾਂ, ਅਮਰਜੀਤ ਸਿੰਘ ਮਹਿਲ ਖੁਰਦ, ਜਸਪਾਲ ਸਿੰਘ ਕਲਾਲਮਾਜਰਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਅਮਰਜੀਤ ਸਿੰਘ ਠੁੱਲੀਵਾਲ, ਗੋਪਾਲ ਕ੍ਰਿਸ਼ਨ ਹਮੀਦੀ, ਜਗਰਾਜ ਸਿੰਘ ਹਮੀਦੀ, ਪਿਸ਼ੌਰਾ ਸਿੰਘ ਹਮੀਦੀ, ਨਾਥ ਸਿੰਘ ਹਮੀਦੀ, ਜਸਵੀਰ ਸਿੰਘ ਹਮੀਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ, ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਕੋਲੋਂ ਪ੍ਰੀਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕਰਦਿਆਂ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

LEAVE A REPLY

Please enter your comment!
Please enter your name here