ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਦੋਇਮ ਦੀ ਮੌਤ ਹੋਣ ‘ਤੇ ਵੱਖ ਵੱਖ ਭਾਈਚਾਰਿਆਂ, ਸੰਸਥਾਵਾਂ ਵੱਲੋਂ ਸੋਗ ਮਨਾਇਆ ਜਾ ਰਿਹਾ ਹੈ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਸਦੇ ਸਿੱਖ ਭਾਈਚਾਰੇ ਵੱਲੋਂ ਵੀ ਇਸ ਸੋਗਮਈ ਸਮੇਂ ਵਿੱਚ ਆਪਣੀ ਸ਼ਮੂਲੀਅਤ ਦਿਖਾਈ ਜਾ ਰਹੀ ਹੈ। ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦੁਆਰਾ ਸਿੰਘ ਸਭਾ ਬਰਕਲੇ ਸਟ੍ਰੀਟ ਦੀ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਣੀ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ) ਨੇ ਦੱਸਿਆ ਕਿ ਬੀਤੇ ਕੱਲ੍ਹ ਮਹਾਰਾਣੀ ਐਲਿਜਾਬੈਥ ਦੋਇਮ ਨਮਿਤ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾ ਚੁੱਕੇ ਹਨ, ਜਿਹਨਾਂ ਦੇ ਭੋਗ 25 ਸਤੰਬਰ (ਐਤਵਾਰ) ਨੂੰ ਪਾਏ ਜਾਣਗੇ। ਉਹਨਾਂ ਕਿਹਾ ਕਿ ਇਸ ਸਮਾਗਮ ਦੌਰਾਨ ਸਕਾਟਲੈਂਡ ਦੀਆਂ ਅਹਿਮ ਸਖਸ਼ੀਅਤਾਂ ਦੇ ਸ਼ਮੂਲੀਅਤ ਕਰਨ ਦੀ ਉਮੀਦ ਹੈ। ਸੁਰਜੀਤ ਸਿੰਘ ਚੌਧਰੀ ਨੇ ਸਮੂਹ ਪ੍ਰਬੰਧਕ ਕਮੇਟੀ ਦੀ ਤਰਫੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਅਰਦਾਸ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ।
Boota Singh Basi
President & Chief Editor