ਮਹਾਰਾਸ਼ਟਰ ਦੇ ਪੰਡਰਪੁਰ ਤੋਂ ਭਗਤ ਨਾਮਦੇਵ ਜੀ ਜਨਮ ਦਿਹਾੜੇ ਤੇ ਸ਼ੁਰੂ ਹੋਈ ਸਾਈਕਲ ਯਾਤਰਾ ਦਾ ਲੁਧਿਆਣਾ ਪਹੁੰਚਣ ‘ਤੇ ਭਾਰੀ ਸਵਾਗਤ ਕੀਤਾ ਜਾਵੇਗਾ-ਟਿੱਕਾ, ਗਰਚਾ
ਲੁਧਿਆਣਾ, 26 ਨਵੰਬਰ 2024
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਲੁਧਿਆਣਾ ਦੇ ਟਰੱਸਟੀ ਅਮਰਜੀਤ ਸਿੰਘ ਟਿੱਕਾ ਅਤੇ ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਦੱਸਿਆ ਕਿ ਭਗਤੀ ਲਹਿਰ ਪ੍ਰਚੰਡ ਕਰਨ ਵਾਲੇ ਮਹਾਨ ਸੰਤ ਸ਼੍ਰੋਮਣੀ ਭਗਤ ਨਾਮਦੇਵ ਜੀ ਮਹਾਰਾਜ ਦੇ 754ਵੇਂ ਪ੍ਰਕਾਸ਼ ਪੁਰਬ, ਸ਼੍ਰੀ ਗਿਆਨੇਸ਼ਵਰ ਮਹਾਰਾਜ ਦੇ 728ਵੇਂ ਸੰਜੀਵਨ ਸਮਾਧੀ ਦਿਵਸ ਅਤੇ ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸੰਤਾਂ ਦੇ ਵਿਚਾਰਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਉਦੇਸ਼ ਨਾਲ ਜ਼ਿਲ੍ਹਾ ਪੰਡਰਪੁਰ, ਮਹਾਰਾਸ਼ਟਰ ਤੋਂ ਕਸਬਾ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਪੰਜਾਬ ਤੱਕ ਲਗਭਗ 2300 ਕਿਲੋਮੀਟਰ ਲੰਬੀ ਰੱਥ ਅਤੇ ਸਾਈਕਲ ਯਾਤਰਾ 12 ਨਵੰਬਰ 2024 ਨੂੰ ਸ਼ੁਰੂ ਕੀਤੀ ਗਈ ਸੀ ਜੋਕਿ ਅਲੱਗ ਅਲੱਗ ਸੂਬਿਆਂ ਵਿੱਚ ਹੁੰਦੀ ਹੋਈ 2 ਦਿਸੰਬਰ ਨੂੰ ਪੰਜਾਬ ਪਹੁੰਚੇਗੀ। ਸੰਤ ਸ਼੍ਰੋਮਣੀ ਭਗਤ ਨਾਮਦੇਵ ਮਹਾਰਾਜ ਨੇ ਉੱਤਰ ਭਾਰਤ ਵਿੱਚ ਭਗਤੀ ਲਹਿਰ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਜਾਤਪਾਤ ਦੇ ਖਾਤਮੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਘੁਮਾਣ ਵਿੱਚ ਰਹਿੰਦੇ ਹੋਏ ਭਗਤੀ ਦੀ ਲਹਿਰ ਨੂੰ ਪ੍ਰਫੁੱਲਤ ਕੀਤਾ ਇਸ ਦੌਰਾਨ ਉਨ੍ਹਾਂ ਦੀ ਮਹਿਮਾ ਦੂਰ ਦੂਰ ਤੱਕ ਫੈਲੀ।ਇਸੇ ਸਥਾਨ ਤੇ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧੀ ਮੌਜੂਦ ਹੈ, ਇਥੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲੱਖਾਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਅਤੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਭਗਤ ਨਾਮਦੇਵ ਜੀ ਦੀ ਜਨਮ ਤੇ ਭਗਤੀ ਸਥਾਨਾਂ ਮਹਾਰਾਸ਼ਟਰ ਤੋਂ ਸਾਲ ਭਰ ਸ਼ਰਧਾਲੂ ਆਉਂਦੇ ਹਨ। ਟਿੱਕਾ ਤੇ ਗਰਚਾ ਨੇ ਕਿਹਾ ਕਿ ਮਹਾਰਾਸ਼ਟਰ ਭਗਵਤ ਧਰਮ ਪ੍ਰਚਾਰਕ ਮੰਡਲ ਦੇ ਪ੍ਰਧਾਨ ਸੂਰਿਆਕਾਂਤ ਭੀਸੇ ਦੀ ਅਗਵਾਈ ਹੇਠ ਰਾਜ ਪਾਲਕੀ ਸੋਹਲਾ ਜਰਨਲਿਸਟ ਐਸੋਸੀਏਸ਼ਨ ਮਹਾਰਾਸ਼ਟਰ, ਨਾਮਦੇਵ ਸਮਾਜਵਾਦੀ ਪ੍ਰੀਸ਼ਦ ਅਤੇ ਸਮਸਤ ਨਾਮਦੇਵ ਸ਼ੰਪੀ ਸਮਾਜ ਮਹਾਰਾਸ਼ਟਰ ਨੇ ਰਲ ਕੇ ਸ਼੍ਰੀ ਵਿੱਠਲ ਦੀ ਭਗਤੀ ਅਤੇ ਸ਼ਾਂਤੀ, ਸਮਾਨਤਾ ਦੇ ਸੰਤਾਂ ਦੇ ਵਿਚਾਰਾਂ ਦਾ ਪ੍ਰਚਾਰ ਕਰਨ ਦੇ ਮਕਸਦ ਨਾਲ ਸ਼ਰਧਾਲੂਆਂ ਵੱਲੋਂ ਜ਼ਿਲ੍ਹਾ ਪੰਡਰਪੁਰ ਮਹਾਰਾਸ਼ਟਰ ਤੋਂ ਘੁਮਾਣ ਤੱਕ ਵਿਸ਼ਾਲ ਰੱਥ ਅਤੇ ਸਾਈਕਲ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਇਹ ਰੱਥ ਅਤੇ ਸਾਈਕਲ ਯਾਤਰਾ 2022 ਨੂੰ ਸ਼ੁਰੂ ਕੀਤੀ ਗਈ ਸੀ। ਯਾਤਰਾ ‘ਚ 50 ਦੇ ਕਰੀਬ ਭਜਨੀ ਮੰਡਲ ਅਤੇ 100 ਦੇ ਕਰੀਬ ਸਾਈਕਲਿਸਟ ਹਿੱਸਾ ਲੈ ਰਹੇ ਹਨ ਅਤੇ ਇਹ ਯਾਤਰਾ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਹਰਿਆਣਾ ਰਾਜਾਂ ਤੋਂ ਹੁੰਦੀ ਹੋਈ ਪੰਜਾਬ ‘ਚ ਪ੍ਰਵੇਸ਼ ਕਰੇਗੀ ਅਤੇ 4 ਦਸੰਬਰ ਨੂੰ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚੇਗੀ ਅਤੇ ਅਗਲੇ ਦਿਨ ਵਾਪਸ ਮਹਾਰਾਸ਼ਟਰ ਲਈ ਰਵਾਨਾ ਹੋਵੇਗੀ, 5 ਦਸੰਬਰ ਨੂੰ ਲੁਧਿਆਣਾ ਵਿਖੇ ਸਾਈਕਲ ਯਾਤਰਾ ਦਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਮੂੰਹ ਪ੍ਰਬੰਧਕ ਕਮੇਟੀ ਅਤੇ ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।