ਮਹਿਲਾ ਕਿਸਾਨ ਯੂਨੀਅਨ ਨੇ ਹਾੜੀ ਦੀਆਂ ਨੁਕਸਾਨੀਆਂ ਸਾਰੀਆਂ ਫਸਲਾਂ ਲਈ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ

0
127

• ਪ੍ਰਧਾਨ ਮੰਤਰੀ ਕਿਸਾਨਾਂ ਨੂੰ ਐਨਡੀਆਰਐਫ ਚੋਂ 10,000 ਰੁਪਏ ਪ੍ਰਤੀ ਏਕੜ ਰਾਹਤ ਦੇਣ ਦਾ ਤੁਰੰਤ ਐਲਾਨ ਕਰਨ : ਬੀਬਾ ਰਾਜਵਿੰਦਰ ਕੌਰ ਰਾਜੂ
• ‘ਆਪ’ ਸਰਕਾਰ ਹਾੜੀ ਦੀਆਂ ਸਾਰੀਆਂ ਫਸਲਾਂ ਦੀ ਖਰੀਦ ‘ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਕਰੇ ਐਲਾਨ

ਜਲੰਧਰ, 4 ਅਪਰੈਲ ( ) ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਭਾਰੀ ਮੀਂਹ, ਹਨੇਰੀ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਹਾੜ੍ਹੀ ਦੀਆਂ ਹਰ ਤਰਾਂ ਦੀਆਂ ਫਸਲਾਂ, ਫਲਾਂ ਅਤੇ ਸਬਜ਼ੀਆਂ ਲਈ 50,000 ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਯੂਨੀਅਨ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਆਫ਼ਤ ਰਾਹਤ ਫੰਡ (ਐਨਡੀਆਰਐਫ) ਵਿੱਚੋਂ ਕਿਸਾਨਾਂ ਨੂੰ ਘੱਟੋ-ਘੱਟ 10,000 ਰੁਪਏ ਪ੍ਰਤੀ ਏਕੜ ਰਾਹਤ ਦਾ ਐਲਾਨ ਕਰਨ ਲਈ ਕਿਹਾ ਹੈ।

ਇੱਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਮੱਧ ਪ੍ਰਦੇਸ਼ ਵਿੱਚ ਕਣਕ ਅਤੇ ਹੋਰ ਅਨਾਜ ਦੀ ਖਰੀਦ ਦੌਰਾਨ ਮੀਂਹ ਕਾਰਨ ਦਾਣਿਆਂ ਦੇ ਬਦਰੰਗ ਹੋਣ ਸਬੰਧੀ ਮਿਆਰੀ ਨਿਯਮਾਂ ਵਿੱਚ ਦਿੱਤੀ ਢਿੱਲ ਪੰਜਾਬ ਵਿੱਚ ਵੀ ਲਾਗੂ ਕਰਨ ਲਈ ਕੇਂਦਰ ਸਰਕਾਰ ਨਾਲ ਮਾਮਲਾ ਉਠਾਵੇ।

ਉਨਾਂ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਖਰਾਬ ਮੌਸਮ ਕਾਰਨ ਨੁਕਸਾਨੀਆਂ ਗਈਆਂ ਹਾੜੀ ਦੀਆਂ ਸਾਰੀਆਂ ਫਸਲਾਂ ਦੇ ਖਰੀਦ ਮੁੱਲ ‘ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਤੁਰੰਤ ਐਲਾਨ ਕਰੇ ਕਿਉਂਕਿ ਮੌਜੂਦਾ ਸੀਜ਼ਨ ਦੌਰਾਨ ਹਾੜੀ ਦੀਆਂ ਫਸਲਾਂ ਦਾ ਝਾੜ ਖੇਤੀ ਮਾਹਿਰਾਂ ਅਤੇ ਸੰਸਥਾਵਾਂ ਦੇ ਅੰਦਾਜਿਆਂ ਮੁਤਾਬਿਕ ਮਿਆਰੀ ਮਾਪਦੰਡਾਂ ਤੋਂ ਬਹੁਤ ਘੱਟ ਜਾਵੇਗਾ।

ਰਾਜ ਵਿੱਚ 75-100 ਫੀਸਦੀ ਫਸਲਾਂ ਦੇ ਨੁਕਸਾਨ ਲਈ ਸਿਰਫ 15,000 ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੇ ਐਲਾਨ ਲਈ ‘ਆਪ’ ਸਰਕਾਰ ਦੀ ਨਿਖੇਧੀ ਕਰਦਿਆਂ ਬੀਬਾ ਰਾਜੂ ਨੇ ਕਲਾਕਾਰ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਨੂੰ ਯਾਦ ਦਿਵਾਇਆ ਕਿ “ਤੁਸੀਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਿੱਲੀ ਸਰਕਾਰ ਦੀ ਤਰਜ ਉਤੇ ਨੁਕਸਾਨੀਆਂ ਫਸਲਾਂ ਦੀ ਢੁੱਕਵੀਂ ਗਿਰਦਾਵਰੀ (ਅਧਿਕਾਰਤ ਮੁਲਾਂਕਣ ਸਰਵੇਖਣ) ਤੋਂ ਪਹਿਲਾਂ ਹੀ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੀ ਗਾਰੰਟੀ ਦਿੱਤੀ ਸੀ ਪਰ ਪੰਜਾਬੀਆਂ ਤੋਂ ਕੁਰਸੀ ਲਈ ਵੱਡਾ ਫਤਵਾ ਲੈ ਕੇ ਹੁਣ ਤੁਸੀਂ ਵਾਅਦੇ ਤੋਂ ਮੁਨਕਰ ਗਏ ਹੋ”।

ਪਿਛਲੇ ਫੈਸਲਿਆਂ ਦਾ ਖੁਲਾਸਾ ਕਰਦਿਆਂ ਮਹਿਲਾ ਕਿਸਾਨ ਆਗੂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਕਤੂਬਰ 2021 ਵਿੱਚ ਖਰਾਬੇ ਦਾ ਮੁਆਵਜਾ 12,000 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 15,000 ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਸੀ ਪਰ ਕਿਸਾਨਾਂ ਦੇ ਅਸੰਤੁਸ਼ਟ ਹੋਣ ਕਾਰਨ ਤੱਤਕਾਲੀ ਮੁੱਖ ਮੰਤਰੀ ਨੇ ਨਵੰਬਰ 2021 ਵਿੱਚ 75-100% ਫਸਲ ਦੇ ਨੁਕਸਾਨ ਦੀ ਸਥਿਤੀ ਵਿੱਚ ਖਰਾਬੇ ਲਈ ਇਹ ਮੁਆਵਜ਼ਾ ਵਧਾ ਕੇ 17,000 ਰੁਪਏ ਪ੍ਰਤੀ ਏਕੜ ਕਰ ਦਿੱਤਾ ਸੀ। । ਉਨਾਂ ਕਿਹਾ “ਕਿਸਾਨ ਇਹ ਸਮਝਣ ਵਿੱਚ ਅਸਫਲ ਨੇ ਕਿ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਖਰਾਬੇ ਦੇ ਮੁਆਵਜ਼ਾ ਦਾ ਕਿਹੜਾ ਵਾਧਾ ਲਾਗੂ ਕੀਤਾ ਹੈ ਪਰ ਇਹ ਜਰੂਰ ਸਮਝ ਪੈ ਗਈ ਹੈ ਕਿ ਆਪ ਦੀ ਸਰਕਾਰ ਚੋਣ ਮਨੋਰਥ ਪੱਤਰ ਵਿੱਚ ਦਿੱਤੀਆਂ ‘ਗਾਰੰਟੀਆਂ’ ਤੋਂ ਪਿੱਛੇ ਹਟ ਗਈ ਹੈ”।

ਬੀਬਾ ਰਾਜੂ ਨੇ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ “ਜੇਕਰ ਉਹ ਰਿਮੋਟ ਸੈਂਸਿੰਗ ਜਾਂ ‘ਜੀਓ ਟੈਗਿੰਗ’ ਰਾਹੀਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਪਤਾ ਲਗਾ ਸਕਦੀ ਹੈ ਤਾਂ ‘ਆਪ’ ਸਰਕਾਰ ਨੂੰ ਖਰਾਬ ਮੌਸਮ ਕਾਰਨ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਤੋਂ ਕੌਣ ਰੋਕ ਰਿਹਾ ਹੈ ਜੋ ਪੱਕਣ ਲਈ ਤਿਆਰ ਸਨ”। ਮਹਿਲਾ ਆਗੂ ਨੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲਈ ਭਗਵਾ ਪਾਰਟੀ ਨੂੰ ਵੀ ਪੂਰੀ ਤਰ੍ਹਾਂ ਦੋਸ਼ੀ ਗਰਦਾਨਿਆਂ ਕਿਉਂਕਿ ਨਰਿੰਦਰ ਮੋਦੀ ਸਰਕਾਰ ਨੇ ਚੋਣਾਂ ਵਾਲੇ ਸੂਬੇ ਮੱਧ ਪ੍ਰਦੇਸ਼ ਲਈ ਤੁਰੰਤ ਰਾਹਤ ਉਪਾਅ ਐਲਾਨ ਕਰ ਦਿੱਤੇ ਹਨ ਪਰ ਭਾਰੀ ਮੀਂਹ, ਹਨੇਰੀ ਅਤੇ ਗੜੇਮਾਰੀ ਤੋਂ ਪ੍ਰਭਾਵਿਤ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ ਜਿਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ਇਤਿਹਾਸਕ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ।

LEAVE A REPLY

Please enter your comment!
Please enter your name here