ਮਾਨ ਸਰਕਾਰ ਪ੍ਰਚਾਰ ‘ਤੇ ਫਾਲਤੂ ਖ਼ਰਚੇ ਘਟਾਵੇ ਤੇ ਟੈਕਸ ਤੁਰੰਤ ਵਾਪਸ ਲਵੇ :ਬੀਬਾ ਰਾਜਵਿੰਦਰ ਕੌਰ ਰਾਜੂ
ਜਲੰਧਰ, 25 ਜੂਨ
ਸੰਯੁਕਤ ਕਿਸਾਨ ਮੋਰਚਾ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ‘ਤੇ 200 ਰੁਪਏ ਮਾਸਿਕ ਵਿਕਾਸ ਕਰ ਲਗਾਉਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਅਨਿਆਂਪੂਰਨ ਕਦਮ ‘ਜ਼ਜ਼ੀਆ’ ਵਾਂਗ ਹੈ ਜਿਸ ਨਾਲ ਮਹਿੰਗਾਈ ਦੇ ਸਮੇਂ ਦੌਰਾਨ ਹਰ ਤਰਾਂ ਬੰਦੇ ਸੇਵਾਮੁਕਤ ਮੁਲਾਜ਼ਮਾਂ ‘ਤੇ ਵਿੱਤੀ ਬੋਝ ਪਵੇਗਾ ਜਦਕਿ ਆਪਣਾ ਜੀਵਨ ਜਨਤਕ ਸੇਵਾ ਲਈ ਸਮਰਪਿਤ ਵਾਲੇ ਵਿਅਕਤੀ ਸਨਮਾਨਜਨਕ ਸੇਵਾਮੁਕਤੀ ਸਮੇਂ ਦੇ ਹੱਕਦਾਰ ਹਨ।
ਇੱਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਪਿਛਲੇ ਸਮੇਂ ਦੌਰਾਨ ਅਤੇ ਹੁਣ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਤੇ ਗਾਰੰਟੀਆਂ ਦੇ ਬਾਵਜੂਦ ਇਸ ਸਰਕਾਰ ਦੀਆਂ ਮੌਜੂਦਾ ਗਲਤ ਤਰਜੀਹਾਂ ‘ਤੇ ਡੂੰਘੀ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਟੈਕਸ ਸਦਕਾ ਪੈਨਸ਼ਨਰਾਂ ਨੂੰ ਵਾਧੂ ਵਿੱਤੀ ਬੋਝ ਦਾ ਸਾਹਮਣਾ ਕਰਨਾ ਪਵੇਗਾ ਜਦਕਿ ਭਗਵੰਤ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਆਪਣੇ ਝੂਠੇ ਪ੍ਰਚਾਰ, ਗੈਰ ਜ਼ਰੂਰੀ ਪ੍ਰਚਾਰ ਸਾਧਨਾਂ ਅਤੇ ਗੈਰ-ਵਿਕਾਸ ਕਾਰਜਾਂ ‘ਤੇ ਦਸ ਗੁਣਾਂ ਵੱਧ ਖ਼ਰਚਾ ਕਰ ਰਹੀ ਹੈ।
ਮਹਿਲਾ ਨੇਤਾ ਨੇ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਦੇ ਬਾਵਜੂਦ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਭੱਤਿਆਂ ਵਿੱਚ ਹੋਏ ਵਾਧੇ ਦੀ ਤੁਲਨਾ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਭੱਤੇ ਵਧਾਉਣ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੇ ਦਿੱਤੀਆਂ ਗਾਰੰਟੀਆਂ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਉਨਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਪੈਨਸ਼ਨਰਾਂ ਨੂੰ ਜਨਵਰੀ 2016 ਤੋਂ ਸੋਧੇ ਹੋਏ ਤਨਖਾਹ ਸਕੇਲਾਂ ਦੇ ਬਕਾਏ ਅਤੇ ਛੁੱਟੀਆਂ ਦੀ ਅਦਾਇਗੀ ਕਰਨ ਦੀ ਬਜਾਏ ਉਨ੍ਹਾਂ ਨੂੰ ਮਿਲ ਰਹੀ ਜਾਇਜ਼ ਪੈਨਸ਼ਨ ਖੋਹਣ ‘ਤੇ ਤੁਲੀ ਹੋਈ ਹੈ।
ਮਹਿਲਾ ਕਿਸਾਨ ਯੂਨੀਅਨ ਨੇਤਾ ਨੇ ਪੈਨਸ਼ਨਰਾਂ ‘ਤੇ ਲਗਾਏ 200 ਰੁਪਏ ਮਾਸਿਕ ਟੈਕਸ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸੂਬੇ ਦੇ ਸਮੂਹ ਕਰਮਚਾਰੀਆਂ, ਪੈਨਸ਼ਨਰਾਂ, ਸਮਾਜਿਕ ਸੰਸਥਾਵਾਂ ਅਤੇ ਆਮ ਜਨਤਾ ਨੂੰ ਇਸ ਬੇਇਨਸਾਫ਼ੀ ਵਾਲੇ ਟੈਕਸ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।
Boota Singh Basi
President & Chief Editor