ਮਾਓਵਾਦੀ ਆਗੂ ਬਸਾਵਾਰਾਜੂ ਦਾ ਮੁਕਾਬਲਾ ਗ਼ੈਰਅਦਾਲਤੀ ਕਤਲ : ਜਮਹੂਰੀ ਫਰੰਟ
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 21 ਮਈ, 2025: ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਸੀ.ਪੀ.ਆਈ. (ਮਾਓਵਾਦੀ) ਦੇ ਜਨਰਲ ਸਕੱਤਰ ਕਾ. ਬਸਾਵਾ ਰਾਜੂ ਸਮੇਤ 27 ਮਾਓਵਾਦੀ ਕਾਰਕੁਨਾਂ ਦੀ ਕਥਿਤ ਮੁਕਾਬਲੇ ਵਿਚ ਹੱਤਿਆ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਮਾਓਵਾਦੀ ਪਾਰਟੀ ਪਿਛਲੇ ਮਹੀਨਿਆਂ ’ਚ ਲਿਖਤੀ ਰੂਪ ਵਿਚ ਕਈ ਵਾਰ ਗੱਲਬਾਤ ਦੀ ਪੇਸ਼ਕਸ਼ ਕਰ ਚੁੱਕੀ ਹੈ, ਇਸਦੇ ਬਾਵਜੂਦ ਭਾਜਪਾ ਸਰਕਾਰ ਵੱਲੋਂ ਫ਼ੌਜੀ ਓਪਰੇਸ਼ਨਾਂ ਰਾਹੀਂ ਕਤਲੇਆਮ ਜਾਰੀ ਰੱਖਣਾ ਦਰਸਾਉਂਦਾ ਹੈ ਕਿ ਹਕੂਮਤ ਦਾ ਇੱਕੋ-ਇਕ ਮਨੋਰਥ ਇਨਕਲਾਬੀ ਤਾਕਤਾਂ ਦਾ ਜਿਸਮਾਨੀ ਸਫ਼ਾਇਆ ਕਰਕੇ ਭਾਰਤੀ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਨੰਗੇ ਅਨਿਆਂ ਤੇ ਲੁੱਟ-ਖਸੁੱਟ ਦਾ ਬੇਕਿਰਕ ਰਾਜ ਅਜਿੱਤ ਹੈ ਅਤੇ ਦੱਬੇ-ਕੁਚਲੇ ਤੇ ਮਿਹਨਤਕਸ਼ ਹਿੱਸਿਆਂ ਨੂੰ ਜਥੇਬੰਦ ਸੰਘਰਸ਼ ਤੇ ਮੁਕਤੀ ਦਾ ਸੁਪਨਾ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਾਓਵਾਦੀ ਪਾਰਟੀ ਦੇ ਜਨਰਲ ਸਕੱਤਰ ਦੇ ਕਤਲ ਉੱਪਰ ਉਚੇਚਾ ਟਵੀਟ ਕਰਕੇ ਇਸ ਨੂੰ ‘ਨਕਸਲਵਾਦ ਵਿਰੁੱਧ ਭਾਰਤ ਦੀ ਲੜਾਈ’ ਕਹਿਣਾ ਅਤੇ ਇਸ ਨੂੰ ਤਿੰਨ ਦਹਾਕਿਆਂ ਵਿਚ ਭਾਰਤੀ ਸੁਰੱਖਿਆ ਦਸਤਿਆਂ ਦੀ ‘ਸਭ ਤੋਂ ਵੱਡੀ ਪ੍ਰਾਪਤੀ’ ਕਹਿ ਕੇ ਵਡਿਆਉਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਹਕੂਮਤ ਦਾ ਇੱਕੋਇਕ ਮਨੋਰਥ ਕਰੂਰ ਕਤਲੇਆਮ ਰਾਹੀਂ ਖ਼ੌਫ਼ ਪੈਦਾ ਕਰਨਾ ਅਤੇ ਤਬਦੀਲੀ ਦੇ ਹਰ ਵਿਚਾਰ ਨੂੰ ਲਹੂ ’ਚ ਡੁਬੋਣਾ ਹੈ।
ਫਰੰਟ ਦੇ ਆਗੂਆਂ ਨੇ ਕਿਹਾ ਕਿ ਫਾਸ਼ੀਵਾਦੀ ਹਕੂਮਤ ਨੂੰ ਇਤਿਹਾਸ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸਮਾਨੀ ਕਤਲੇਆਮ ਬਿਹਤਰੀ ਜ਼ਿੰਦਗੀ ਲਈ ਸਮਾਜਿਕ ਤਬਦੀਲੀ ਦੀ ਮਨੁੱਖੀ ਰੀਝ ਦਾ ਬੀਜ-ਨਾਸ਼ ਨਹੀਂ ਕਰ ਸਕਦੇ। ਜਦੋਂ ਤੱਕ ਲੋਟੂ-ਜਾਬਰ ਰਾਜ ਪ੍ਰਬੰਧ ਹੈ, ਲੋਕ ਕਿਸੇ ਨਾ ਕਿਸੇ ਰੂਪ ’ਚ ਅਜਿਹੇ ਆਦਮਖ਼ੋਰ ਪ੍ਰਬੰਧ ਨਾਲ ਟੱਕਰ ਲੈਂਦੇ ਰਹਿਣਗੇ। ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਫ਼ੌਜੀ ਓਪਰੇਸ਼ਨਾਂ ਅਤੇ ਗ਼ੈਰ-ਅਦਾਲਤੀ ਸਜ਼ਾਵਾਂ ਦਾ ਤਾਨਾਸ਼ਾਹ ਸਿਲਸਿਲਾ ਬੰਦ ਕਰੇ ਅਤੇ ਭਾਰਤੀ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਮਾਓਵਾਦੀ ਪਾਰਟੀ ਸਮੇਤ ਹਥਿਆਰਬੰਦ ਟਾਕਰਾ ਲਹਿਰਾਂ ਨਾਲ ਗੱਲਬਾਤ ਦਾ ਅਮਲ ਸ਼ੁਰੂ ਕਰੇ।