ਮੁਹਾਲੀ, 11 ਅਗਸਤ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੁਹਾਲੀ ਜ਼ਿਲ੍ਹਾ ਕਮੇਟੀ ਨੇ ਪਿੰਡ ਕੁੱਲਰੀਆਂ, ਜ਼ਿਲ੍ਹਾ ਮਾਨਸਾ ਵਿਖੇ ਆਬਾਦਕਾਰਾਂ ਦੀ ਜ਼ਮੀਨ ਤੇ ਸਰਕਾਰ ਵੱਲੋਂ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਅਤੇ ਸੂਬਾ ਪ੍ਰਧਾਨ ਮਨਜੀਤ ਧਨੇਰ ਸਮੇਤ ਤੀਹ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।
ਜਥੇਬੰਦੀ ਦੇ ਜ਼ਿਲਾ ਮੁਹਾਲੀ ਦੇ ਕਨਵੀਨਰ ਪ੍ਰਦੀਪ ਮਿੱਤਲ ਨੇ ਦੱਸਿਆ ਕਿ ਪਿੰਡ ਕੁੱਲਰੀਆਂ ਵਿਖੇ ਲੱਗਭੱਗ 71 ਏਕੜ ਜ਼ਮੀਨ ਮੁਰੱਬੇਬੰਦੀ ਵੇਲੇ ਕਿਸਾਨਾਂ ਦੀ ਜ਼ਮੀਨ ਵਿੱਚੋਂ ਬੱਚਤ ਨਿੱਕਲੀ ਸੀ। ਇਸ ਜ਼ਮੀਨ ਤੇ ਉਸ ਸਮੇਂ ਤੋਂ ਹੀ ਚਾਲੀ ਪਰਿਵਾਰ ਕਾਬਜ਼ ਹਨ ਅਤੇ ਖੇਤੀ ਕਰਦੇ ਹਨ। ਹੁਣ ਪੰਜਾਬ ਸਰਕਾਰ ਦੀ ਜ਼ਮੀਨਾਂ ਖੋਹਣ ਦੀ ਨੀਤੀ ਅਧੀਨ ਕੁੱਲਰੀਆਂ ਦਾ ਸਰਪੰਚ ਧੱਕੇ ਨਾਲ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ।
ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਨੇ ਦੱਸਿਆ ਕਿ ਪਹਿਲਾਂ ਸਰਪੰਚ ਧਿਰ ਨੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਢ ਦਿੱਤੀਆਂ। ਫਿਰ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਕੁੱਝ ਦਿਨ ਪਹਿਲਾਂ ਇਸ ਜ਼ਮੀਨ ਵਿੱਚੋਂ ਮਿੱਟੀ ਚੁੱਕਣ ਲਈ ਜੇਸੀਬੀ ਅਤੇ ਟਰੈਕਟਰ ਲਗਾ ਕੇ ਨਜਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ। ਮਾਈਨਿੰਗ ਦੀ ਇਹ ਕਾਰਵਾਈ, ਕਿਸਾਨਾਂ ਦੇ ਵਿਰੋਧ ਮਗਰੋਂ ਹੀ ਬੰਦ ਕੀਤੀ ਗਈ। ਹੁਣ ਕਿਸਾਨ ਆਪਣੀ ਜ਼ਮੀਨ ਤੇ ਕਾਬਜ਼ ਹਨ ਅਤੇ ਹੜ੍ਹ ਦਾ ਪਾਣੀ ਉੱਤਰ ਜਾਣ ਮਗਰੋਂ ਆਬਾਦਕਾਰ ਕਿਸਾਨਾਂ ਨੇ 09 ਅਗਸਤ ਨੂੰ ਆਪਣੀ ਜ਼ਮੀਨ ਵਾਹੀ। ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੀ ਸ਼ਹਿ ਤੇ ਪਹਿਲਾਂ ਵੀ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਹੋਏ ਹਨ ਅਤੇ ਹੁਣ ਦੁਬਾਰਾ ਫਿਰ ਉਸੇ ਜ਼ਮੀਨ ਤੇ ਕਬਜ਼ਾ ਕਰਨ ਦਾ ਦੋਸ਼ ਲਾ ਕੇ ਕੇਸ ਦਰਜ ਕਰ ਦਿੱਤੇ ਗਏ ਹਨ। ਸਰਪੰਚ ਧਿਰ ਨੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਢੀਆਂ, ਕਬਜ਼ੇ ਦੀ ਕੋਸ਼ਿਸ਼ ਕੀਤੀ ਅਤੇ ਨਜਾਇਜ਼ ਮਾਈਨਿੰਗ ਕੀਤੀ ਪਰ ਉਹਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਸਾਫ ਪਤਾ ਲਗਦਾ ਹੈ ਕਿ ਸਰਕਾਰ ਲੋਕਾਂ ਦੀ ਗੱਲ ਸੁਣਨ ਤੋਂ ਇਨਕਾਰੀ ਹੋ ਕੇ ਧੱਕੇ ਨਾਲ ਕਬਜ਼ਾ ਕਰਨ ਤੇ ਤੁਲੀ ਹੋਈ ਹੈ।
ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਨੇ ਨੋਟ ਕੀਤਾ ਕਿ ਜਿਸ ਤਰਾਂ ਪੰਜਾਬ ਸਰਕਾਰ ਨੇ, ਮੱਤੇਵਾੜਾ ਜੰਗਲ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ, ਇਸੇ ਤਰਾਂ ਸਰਕਾਰ ਛੋਟੇ ਅਤੇ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਬਹਾਨਿਆਂ ਨਾਲ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਜਥੇਬੰਦੀ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ, ਬਾਬਾ ਬੰਦਾ ਸਿੰਘ ਬਹਾਦਰ ਅਤੇ ਪੈਪਸੂ ਮੁਜ਼ਾਰਾ ਲਹਿਰ ਨੇ ਬਣਾਇਆ ਹੈ। ਅਸੀਂ ਆਪਣੀ ਵਿਰਾਸਤ ਕਿਸੇ ਸਰਕਾਰ ਦੇ ਸ਼ੁਗਲ ਮੇਲੇ ਵਾਸਤੇ ਨਹੀਂ ਛੱਡਾਂਗੇ। ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਤੇਰਾਂ ਮਹੀਨੇ ਦਿੱਲੀ ਦੇ ਬਾਡਰਾਂ ਤੇ ਬੈਠ ਸਕਦੇ ਹਾਂ ਤਾਂ ਪੰਜਾਬ ਅੰਦਰ ਵੀ ਜ਼ਮੀਨ ਦੀ ਰਾਖੀ ਕਰ ਸਕਦੇ ਹਾਂ।
ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਇਸ ਮਸਲੇ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਹਰੀਸ਼ ਨੱਢਾ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਜ਼ਿਲ੍ਹਾ ਮਾਨਸਾ ਦੀ ਆਗੂ ਟੀਮ ਸਮੇਤ ਤੀਹ ਕਿਸਾਨਾਂ ਤੇ ਪਾਏ ਕੇਸ ਰੱਦ ਕੀਤੇ ਜਾਣ ਨਹੀਂ ਤਾਂ ਜਥੇਬੰਦੀ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।