* ਰਾਜ ਭਰ ਦੇ ਡਿਪੂ ਹੋਲਡਰ 21 ਨੂੰ ਅਨਿਲ ਜੋਸ਼ੀ ਦੇ ਫੂਕਣਗੇ ਪੁਤਲੇ- ਜ਼ਿਲਾ ਪ੍ਰਧਾਨ ਲਾਡੀ
ਬਾਬਾ ਬਕਾਲਾ ਸਾਹਿਬ, (ਯੋਗੇਸ਼ ਕੁਮਾਰ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਅਨਿਲ ਜੋਸ਼ੀ ਜਿੰਨ੍ਹਾਂ ਵੱਲੋਂ ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਗਈ ਹੈ, ਵੱਲੋਂ ਰਾਸ਼ਨ ਵਿਕਰੇਤਾਵਾਂ ਡਿਪੂ ਹੋਲਡਰਾਂ ਪ੍ਰਤੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤੇ ਜਾਣ ’ਤੇ ਡਿਪੂ ਹੋਲਡਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਕੰਮ ਕਰ ਰਹੇ ਹਨ ਅਤੇ ਕੇਂਦਰ ’ਚ ਮੌਜੂਦਾ ਭਾਜਪਾ ਸਰਕਾਰ ਦੀਆਂ ਕਈ ਪਾਲਿਸੀਆਂ ਅਤੇ ਅੰਨ ਯੋਜਨਾਵਾਂ ਨੂੰ ਲੋਕਾਂ ਤੱਕ ਪੁੱਜਦਾ ਕਰ ਰਹੇ ਹਨ, ਇਥੋਂ ਤੱਕ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਵੀ ਡਿਪੂ ਹੋਲਡਰਾਂ ਨੇ ਆਪਣੀ ਜਿੰਦ ਜਾਨ ਨੂੰ ਮੌਤ ਦੇ ਮੂੰਹ ’ਚ ਧੱਕ ਕੇ ਅਤੇ ਆਪਣੇ ਪਰਿਵਾਰ ਦੀ ਪ੍ਰਵਾਹ ਵੀ ਨਾ ਕਰਦੇ ਹੋਏ ਸਰਕਾਰ ਦੀਆਂ ਸਕੀਮਾਂ ਨੂੰ ਨੇਪਰੇ ਚਾੜਿਆ ਹੈ। ਅਨਿਲ ਜੋਸ਼ੀ ਵੱਲੋਂ ਜਾਹਰ ਕੀਤੀਆਂ ਡਿਪੂ ਹੋਲਡਰਾਂ ਪ੍ਰਤੀ ਮਾੜੀਆ ਭਾਵਨਾਵਾਂ ਨੂੰ ਦੇਖਦੇ ਹੋਏ ਡਿਪੂ ਹੋਲਡਰਾਂ ਦੀ ਇਕ ਜਰੂਰੀ ਇਕੱਤਰਤਾ ਰਾਸ਼ਨ ਡਿਪੂ ਹੋਲਡਰ ਯੂਨੀਅਨ ਜ਼ਿਲਾ ਅੰਮ੍ਰਿਤਸਰ ਦੇ ਪ੍ਰਧਾਨ ਸੰਜੀਵ ਕੁਮਾਰ ਲਾਡੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਇਸ ਦੌਰਾਨ ਜਿਥੇ ਅਨਿਲ ਜੋਸ਼ੀ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ, ਉਥੇ ਨਾਲ ਹੀ ਇਹ ਫੈਸਲਾ ਵੀ ਕੀਤਾ ਗਿਆ ਕਿ 21 ਅਕਤੂਬਰ ਨੂੰ ਉਕਤ ਆਗੂ ਅਨਿਲ ਜੋਸ਼ੀ ਦੀ ਕੋਠੀ ਮੂਹਰੇ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਜੋਸ਼ੀ ਦਾ ਪੁਤਲਾ ਵੀ ਫੂਕਿਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਪ੍ਰਧਾਨ ਲਾਡੀ ਨੇ ਕਿਹਾ ਕਿ ਇਸ ਅਰਥੀ ਫੂਕ ਮੁਜਾਹਰੇ ਵਿਚ ਜ਼ਿਲਾ ਅੰਮ੍ਰਿਤਸਰ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਡਿਪੂ ਹੋਲਡਰਾਂ ਤੋਂ ਇਲਾਵਾ ਪੰਜਾਬ ਭਰ ਦੇ ਵੱਖ-ਵੱਖ ਕੋਨਿਆਂ ਤੋਂ ਵੀ ਡਿਪੂ ਹੋਲਡਰ ਪੁੱਜ ਰਹੇ ਹਨ, ਤਾਂ ਕਿ ਜੋਸ਼ੀ ਵੱਲੋਂ ਵਰਤੀ ਸ਼ਬਦਾਵਲੀ ਦਾ ਉਸਨੂੰ ਮੂੰਹ ਤੋੜਵਾ ਜਵਾਬ ਦਿਤਾ ਜਾ ਸਕੇ। ਉਨ੍ਹਾਂ ਦੱਸਿਆ ਕਿ 21 ਅਕਤੂਬਰ ਨੂੰ ਸਵੇਰੇ 10 ਵਜੇ ਸਮੂਹ ਡਿਪੂ ਹੋਲਡਰ ਰਤਨ ਸਿੰਘ ਚੌਂਕ ਵਿਖੇ ਇਕੱਤਰ ਹੋਣਗੇ ਅਤੇ ਇਥੋਂ ਇਕ ਕਾਫਲੇ ਦੇ ਰੂਪ ਵਿਚ ਅਨਿਲ ਜੋਸ਼ੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਇਸ ਅਰਥੀ ਫੂਕ ਮੁਜਾਹਰੇ ਨੂੰ ਪੰਜਾਬ ਦੇ ਵੱਖ-ਵੱਖ ਸੂਬਾਈ ਆਗੂਆਂ ਤੇ ਹੋਰ ਅਹੁਦੇਦਾਰਾਂ ਵੱਲੋਂ ਵੀ ਪੂਰਾ ਸਮਰਥਨ ਦਿਤਾ ਗਿਆ ਹੈ।
Boota Singh Basi
President & Chief Editor