ਮਾਮਲਾ: ਨੀਮ ਫੌਜੀ ਬਲਾਂ ਨੂੰ ਸਰਹੱਦ ਤੋਂ 50 ਕਿਲੋਮੀਟਰ ਤੱਕ ਅਧਿਕਾਰ ਦੇਣ ਦਾ

0
318

* ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕਰੇਸੀ ਵੱਲੋਂ ਕੇਂਦਰੀ ਸਰਕਾਰ ਦਾ ਫ਼ੈਸਲਾ ਸੂਬਿਆਂ ਦੇ ਅਧਿਕਾਰਾਂ ਉੱਤੇ ਹਮਲਾ ਕਰਾਰ

ਸੰਗਰੂਰ/ਜਲੰਧਰ, (ਦਲਜੀਤ ਕੌਰ ਭਵਾਨੀਗੜ੍ਹ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਫਾਸ਼ੀਵਾਦੀ ਆਰ ਐੱਸ ਐੱਸ ਭਾਜਪਾ ਦੀ ਕੇਂਦਰੀ ਮੋਦੀ ਸਰਕਾਰ ਵਲੋਂ ਨੀਮ ਫੌਜੀ ਬਲਾਂ ਨੂੰ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਅਧਿਕਾਰ ਖੇਤਰ ਵਧਾ ਕੇ ਬੀ.ਐੱਸ.ਐੱਫ.ਨੂੰ ਵਾਧੂ ਤਾਕਤਾਂ ਦੇਣ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਪਾਰਟੀ ਦੇ ਸੀਨੀਅਰ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਫਾਸ਼ੀਵਾਦੀ ਮੋਦੀ ਸਰਕਾਰ ਕੇਂਦਰੀ ਏਜੰਸੀਆਂ ਦਾ ਕੇਂਦਰੀਕਰਨ ਕਰਕੇ ਸੂਬਿਆਂ ਦੇ ਅਧਿਕਾਰਾਂ ਨੂੰ ਲਗਾਤਾਰ ਖੋਰਾ ਲਗਾ ਰਹੀ ਹੈ ਅਤੇ ਦੇਸ਼ ਦੇ ਸੰਘੀ ਢਾਂਚੇ ਉੱਪਰ ਵਾਰ ਵਾਰ ਹਮਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਨੇ ਸੂਬਿਆਂ ਨੂੰ ਮਿਊਂਸ਼ਪੈਲਿਟੀਆਂ ਬਣਾ ਕੇ ਰੱਖ ਦਿੱਤਾ ਹੈ।ਆਰ.ਐੱਸ.ਐੱਸ.-ਭਾਜਪਾ ਸਰਕਾਰ, ਧਾਰਾ 370, 35-ਏ ਖ਼ਤਮ ਕਰਕੇ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜੰਮੂ-ਕਸ਼ਮੀਰ ਸੂਬੇ ਨੂੰ ਦੋ ਟੁਕੜਿਆਂ ਵਿੱਚ ਵੰਡਣਾ, ਕੇਂਦਰੀ ਜਾਂਚ ਏਜੰਸੀ ਬਣਾ ਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਸੂਬਿਆਂ ਦੀ ਬਿਨ੍ਹਾਂ ਪ੍ਰਵਾਨਗੀ ਲਏ ਗਿਰਫ਼ਤਾਰ ਕਰਨਾ, ਆਰਥਿਕ ਸਿਕੰਜਾਂ ਕੱਸ ਕੇ ਸੂਬਿਆਂ ਦੀ ਕੇਂਦਰ ਸਰਕਾਰ ਉੱਤੇ ਨਿਰਭਰਤਾ ਵਰਗੇ ਪਹਿਲਾਂ ਹੀ ਲੋਕ ਵਿਰੋਧੀ ਕਦਮ ਉਠਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦਾਂ ਉੱਤੇ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਦੇ ਨਾਂ ਹੇਠ ਅਤੇ ਪਾਕਿਸਤਾਨੀ ਘੁਸਪੈਠ ਦਾ ਹਊਆ ਖੜਾ ਕਰਕੇ ਨੀਮ ਫੌਜੀ ਬਲਾਂ ਦੀ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਕੀਤੀ ਤਾਇਨਾਤੀ ਰਾਹੀਂ ਕੇਂਦਰ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਸੂਬਿਆਂ ਦੇ ਅਧਿਕਾਰਾਂ ਉੱਪਰ ਹੋਰ ਵੀ ਨੰਗਾ ਚਿੱਟਾ ਹਮਲਾ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਦੇ ਖੇਤੀਬਾੜੀ ਸੰਬੰਧੀ ਅਧਿਕਾਰਾਂ ਦੀ ਉਲੰਘਣਾ ਕਰਕੇ ਤਿੰਨ ਨਵੇਂ ਖੇਤੀ ਕਾਨੂੰਨ ਬਣਾਉਣਾ ਵੀ ਆਰ ਐੱਸ ਐੱਸ ਭਾਜਪਾ ਸਰਕਾਰ ਦੀ ਇਹਨਾਂ ਸਰਕਾਰੀਤੰਤਰ ਦੇ ਕੇਂਦਰੀਕਰਨ ਦਾ ਹੀ ਸਿੱਟਾ ਹੈ। ਫਾਸ਼ੀਵਾਦੀ ਸਰਕਾਰ ਦੇ ਇਹਨਾਂ ਲੋਕ ਵਿਰੋਧੀ ਤੇ ਸੂਬਿਆਂ ਦੇ ਅਧਿਕਾਰਾਂ ਵਿਰੋਧੀ ਕਦਮਾਂ ਦੀ ਡੱਟ ਕੇ ਵਿਰੋਧਤਾ ਕਰਨੀ ਹੋਵੇਗੀ। ਜਿਕਰਯੋਗ ਹੈ ਕਿ ਨੀਮ ਫੌਜੀ ਬਲਾਂ ਪਾਸ ਪਹਿਲਾਂ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੱਕ ਬਿਨਾਂ ਗਾਰੰਟੀ ਗਿਝਫ਼ਤਾਰੀ, ਤਲਾਸ਼ੀ ਲੈਣ ਤੇ ਜ਼ਬਤੀ ਕਰਨ ਦਾ ਅਧਿਕਾਰ ਸੀ, ਹੁਣ ਇਸ ਦਾ ਘੇਰਾ 50 ਕਿਲੋਮੀਟਰ ਕਰਕੇ ਵਾਧੂ ਤਾਕਤਾਂ ਦੇ ਦਿੱਤੀਆਂ ਗਈਆਂ ਹਨ। ਪਾਰਟੀ ਨੇ ਮੰਗ ਕੀਤੀ ਕਿ ਨੀਮ ਫੌਜੀ ਬਲਾਂ ਦੀ ਦਖਲਅੰਦਾਜ਼ੀ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਵਧਾਉਣ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਕੌਮਾਂਤਰੀ ਸਰਹੱਦਾਂ ਉੱਤੇ ਤਾਇਨਾਤ ਨੀਮ ਫੌਜੀ ਬਲਾਂ ਦੇ ਅਧਿਕਾਰੀਆਂ ਦੀ ਨਸ਼ਾ ਤਸਕਰੀ ਲਈ ਜਵਾਬਦੇਹੀ ਕੀਤੀ ਜਾਵੇ।

LEAVE A REPLY

Please enter your comment!
Please enter your name here