* ਸਿਵਲ ਸਰਜਨ ਮਾਲੇਰਕੋਟਲਾ ਨੂੰ ਦਿੱਤਾ ਮੰਗ ਪੱਤਰ
ਮਾਲੇਰਕੋਟਲਾ, (ਏ. ਰਿਸ਼ੀ ) -ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਸਿਹਤ ਕਾਮਿਆਂ ਦੇ ਕੱਟੇ ਭੱਤਿਆਂ ਦੇ ਰੋਸ ਵਜੋਂ ਕੀਤੇ ਜਾ ਰਹੇ ਸ਼ੰਘਰਸ਼ ਤਹਿਤ ਜਿਲ੍ਹਾ ਮਾਲੇਰਕੋਟਲਾ ਦੀ ਟੀਮ ਵੱਲੋਂ ਸਿਵਲ ਸਰਜਨ ਮਾਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਜਿਲ੍ਹਾ ਸਿਹਤ ਅਫ਼ਸਰ ਡਾ. ਮਹੇਸ਼ ਜਿੰਦਲ ਨੇ ਪ੍ਰਾਪਤ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾਈ ਆਗੂ ਜਗਤਾਰ ਸਿੰਘ, ਸਰਬਜੀਤ ਕੌਰ ਅਤੇ ਕਰਮਦੀਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਦੌਰਾਨ ਮੁਲਾਜ਼ਮਾਂ ਨੂੰ ਮਿਲਣ ਵਾਲੇ 37 ਭੱਤਿਆਂ ’ਤੇ ਕਾਂਟਾ ਫੇਰਿਆ ਗਿਆ ਹੈ ਜਿਸ ਦੌਰਾਨ ਸਿਹਤ ਕਾਮਿਆਂ ਦੇ ਵਰਦੀ ਅਲਾਊਂਸ,ਟੂਰ ਅਲਾਊਂਸ,ਰੂਰਲ ਅਲਾਊਂਸ,ਡਾਇਟ ਅਲਾਊਂਸ,ਬਾਰਡਰ ਏਰੀਆ ਅਲਾਊਂਸ ਆਦਿ ਭੱਤੇ ਕੱਟੇ ਗਏ ਹਨ। ਨਵ ਨਿਯੁਕਤ ਸਿਹਤ ਕਾਮਿਆਂ ਦਾ ਪਰਖ ਕਾਲ ਸਮੇਂ ਦੇ ਬਕਾਇਆ ਭੱਤਿਆਂ ’ਤੇ ਵੀ ਕੱਟ ਲੱਗਿਆ ਹੈ। ਜਿਸ ਦੇ ਸਬੰਧ ਵਿੱਚ ਸਿਹਤ ਮੰਤਰੀ ਪੰਜਾਬ ਨਾਲ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ। ਇਸ ਸਬੰਧੀ ਡਾਇਰੈਕਟਰ ਸਿਹਤ ਸੇਵਾਵਾਂ(ਪ ਭ) ਅਤੇ ਡਾਇਰੈਕਟਰ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਭੱਤੇ ਬਹਾਲੀ ਸਬੰਧੀ ਕੇਸ ਤਿਆਰ ਕਰਕੇ ਦਿੱਤਾ ਗਿਆ। ਇਹਨਾਂ ਕੱਟੇ ਭੱਤਿਆਂ ਸਬੰਧੀ ਸਿਹਤ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਰਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਸਿਵਲ ਸਰਜਨਾਂ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਹਨ ਤੇ ਜੇਕਰ ਸਰਕਾਰ ਮੰਗਾਂ ਹੱਲ ਨਹੀਂ ਕਰਦੀ ਤਾਂ ਮਿਤੀ 25 ਦਸੰਬਰ ਨੂੰ ਸਿਹਤ ਮੰਤਰੀ ਪੰਜਾਬ ਦੀ ਰਹਾਇਸ਼ ਰਾਣੀ ਕਾ ਬਾਗ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਸਤਿੰਦਰ ਸਿੰਘ, ਹਰਭਜਨ ਸਿੰਘ, ਰਾਜੇਸ਼ ਰਿਖੀ, ਬੂਟਾ ਖਾਂ, ਜਸਵੀਰ ਸਿੰਘ ਲੂਬਾ ਆਦਿ ਕਈ ਆਗੂ ਹਾਜ਼ਰ ਸਨ।
Boota Singh Basi
President & Chief Editor