ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ, 2022: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਮੀਟਿੰਗ ਕਰਕੇ ਸਰਕਾਰ ਦੀ ਨਿੰਦਾ ਕੀਤੀ ਗਈ ਕਿ ਸੁਨਾਮ ਊਧਮ ਸਿੰਘ ਵਾਲਾ ਵਿੱਚ ਮੈਮੋਰੀਅਲ ਵਿਚ ਸ਼ਹੀਦ ਊਧਮ ਸਿੰਘ ਨਾਲ ਸੰਬੰਧਤ ਮਿਊਜ਼ੀਅਮ ਨੂੰ ਬਣੇ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਇੱਕ ਵੀ ਸਮਾਨ ਉਹਨਾਂ ਨਾਲ ਸਬੰਧਤ ਲਿਆ ਕਿ ਨਹੀ ਰੱਖਿਆ ਗਿਆ। ਨਵੇਂ ਬਣੇ ਮੈਮੋਰੀਅਲ ਵਿਚ ਬੁੱਤ ਵੀ ਸ਼ਹੀਦ ਊਧਮ ਸਿੰਘ ਜੀ ਦੀ ਥਾਂ ਕਿਸੇ ਹੋਰ ਦਾ ਲਗਾਇਆ ਗਿਆ ਹੈ ਉਹ ਵੀ ਅਜੇ ਤੱਕ ਨਹੀ ਬਦਲਿਆਂ ਗਿਆ। ਇਸ ਬਾਰੇ ਮੁੱਖ ਮੰਤਰੀ ਨੇ ਵੀ ਕਿਹਾ ਸੀ ਕਿ ਕਿਸੇ ਚੰਗੇ ਘਾੜੇ ਤੋ ਸ਼ਹੀਦ ਦੀ ਸ਼ਕਲ ਨਾਲ ਮਿਲਦਾ ਜੁਲਦਾ ਬੁੱਤ ਜਲਦੀ ਬਣਵਾ ਕੇ ਲਗਾਇਆ ਜਾਵੇਗਾ ਪਰ ਹਕੀਕਤ ਵਿੱਚ ਅਜੇ ਤੱਕ ਕੁਝ ਨਹੀਂ ਹੋਇਆ।
ਮੰਚ ਦੇ ਸਕੱਤਰ ਵਿਸ਼ਵ ਕਾਂਤ ਜੀ ਨੇ ਦੱਸਿਆ ਕਿ ਸਰਕਾਰ ਸ਼ਹੀਦ ਬਾਰੇ ਸੰਵੇਦਨਸ਼ੀਲ ਨਹੀ। ਮੰਚ ਵੱਲੋ ਜਲਦੀ ਹੀ ਇੱਕ ਵੱਡੀ ਮੀਟਿੰਗ ਮੈਮੋਰੀਅਲ ਵਿਚ ਕੀਤੀ ਜਾਵੇਗੀ।
ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੀ ਸਰਕਾਰ ਨੇ ਸੱਤ ਮਹੀਨੇ ਬਾਅਦ ਹੀ ਕਿਸੇ ਵੀ ਸ਼ਹੀਦ ਸੰਬੰਧੀ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਊਧਮ ਸਿੰਘ ਸੰਬੰਧੀ ਮੰਗਾਂ ਉਸੇ ਤਰ੍ਹਾਂ ਲਟਕ ਰਹੀਆਂ ਹਨ ਅਤੇ ਫਿਰੋਜ਼ਪੁਰ ਸ਼ਹਿਰ ਵਿਚ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਕਬਜੇ ਵਿੱਚ ਲੈਕੇ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਵੀ ਨਹੀਂ ਬਦਲਿਆ ਗਿਆ ਹੈ।
ਮੰਚ ਆਗੂ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਮੰਚ ਵੱਲੋ ਸ਼ਹੀਦ ਦੀ ਕੁਰਬਾਨੀ ਬਾਰੇ ਸਹੀ ਜਾਣਕਾਰੀ ਦੇਣ ਲਈ ਬੱਚਿਆਂ ਤੱਕ ਸਕੂਲਾਂ ਕਾਲਜਾਂ ਤੱਕ ਪਹੁੰਚ ਕੀਤੀ ਜਾਵੇਗੀ।
ਮੀਟਿੰਗ ਵਿੱਚ ਪਦਮ ਸ਼ਰਮਾ, ਬਲਵੀਰ ਚੰਦ ਲੌਂਗੋਵਾਲ, ਦਾਤਾ ਨਮੋਲ, ਗੁਰਮੀਤ ਸਿੰਘ, ਗਗਨਦੀਪ, ਸੰਦੀਪ, ਸੁਖਜਿੰਦਰ ਸਿੰਘ, ਪਵਨ ਛਾਜਲਾ, ਇੰਜੀਨੀਅਰ ਦਵਿੰਦਰ ਸਿੰਘ ਸਮੇਤ ਹੋਰ ਕਈ ਆਗੂ ਮੌਜੂਦ ਸਨ।