‘ਮਿਸ਼ਨ ਐਕਸੀਲੈਂਸ’ ਬਣਿਆ ਨੰਨ੍ਹੇ ਸੁਫ਼ਨਿਆਂ ਦੀ ਉਡਾਣ: ਜਤਿੰਦਰ ਜੋਰਵਾਲ

0
35
‘ਮਿਸ਼ਨ ਐਕਸੀਲੈਂਸ’ ਬਣਿਆ ਨੰਨ੍ਹੇ ਸੁਫ਼ਨਿਆਂ ਦੀ ਉਡਾਣ: ਜਤਿੰਦਰ ਜੋਰਵਾਲ ਅੱਠਵੀਂ ਤੇ ਬਾਰਵੀਂ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ 14 ਵਿਦਿਆਰਥੀ ਮੈਰਿਟ ਵਿੱਚ ਆਏ ਪਿਛਲੇ ਸਾਲ ਨਾਲੋਂ ਦੁੱਗਣੇ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਇਆ ਡਿਪਟੀ ਕਮਿਸ਼ਨਰ ਨੇ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕ…

‘ਮਿਸ਼ਨ ਐਕਸੀਲੈਂਸ’ ਬਣਿਆ ਨੰਨ੍ਹੇ ਸੁਫ਼ਨਿਆਂ ਦੀ ਉਡਾਣ: ਜਤਿੰਦਰ ਜੋਰਵਾਲ
ਅੱਠਵੀਂ ਤੇ ਬਾਰਵੀਂ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ 14 ਵਿਦਿਆਰਥੀ ਮੈਰਿਟ ਵਿੱਚ ਆਏ
ਪਿਛਲੇ ਸਾਲ ਨਾਲੋਂ ਦੁੱਗਣੇ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਇਆ
ਡਿਪਟੀ ਕਮਿਸ਼ਨਰ ਨੇ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਸੌਂਪੇ
ਦਲਜੀਤ ਕੌਰ
ਸੰਗਰੂਰ, 3 ਮਈ, 2024: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਪ੍ਰੀਖਿਆਵਾਂ ਵਿੱਚ ਮੈਰਿਟ ’ਚ ਆਉਣ ਵਾਲੇ ਅੱਠਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਅੱਜ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਪ੍ਰਸ਼ੰਸਾ ਪੱਤਰ ਸੌਂਪਦਿਆਂ ਕਿਹਾ ਕਿ ‘ਮਿਸ਼ਨ ਐਕਸੀਲੈਂਸ’ ਨੰਨ੍ਹੇ ਸੁਫ਼ਨਿਆਂ ਨੂੰ ਉਡਾਣ ਦੇਣ ਦਾ ਸਾਰਥਕ ਜ਼ਰੀਆ ਸਾਬਤ ਹੋਇਆ ਹੈ। ਮੈਰਿਟ ’ਚ ਆਏ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਹੌਂਸਲਾ ਅਫਜਾਈ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਮਿਸ਼ਨ ਐਕਸੀਲੈਂਸ ਨੂੰ ਆਰੰਭਣ ਦੇ ਮਹਿਜ਼ 3-4 ਮਹੀਨਿਆਂ ਦੀ ਮਿਹਨਤ ਨਾਲ ਸਾਡੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਆਪਣੀ ਮਿਹਨਤ ਨਾਲ ਪਿਛਲੇ ਸਾਲ ਨਾਲੋਂ ਦੁੱਗਣੇ ਮੈਰਿਟ ਸਥਾਨ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਮਿਹਨਤ, ਅਭਿਆਸ ਤੇ ਲਗਨ ਨਾਲ ਪੜ੍ਹਾਈ ਕਰਨ ਦਾ ਇਹ ਸਿਲਸਿਲਾ ਹਮੇਸ਼ਾਂ ਜਾਰੀ ਰੱਖੇ ਜਾਣ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਵੇ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਵਿਦਿਆਰਥੀਆਂ ਤੋਂ ਫੀਡਬੈਕ ਵੀ ਲਈ ਕਿ ਮਿਸ਼ਨ ਐਕਸੀਲੈਂਸ ਤਹਿਤ ਕਰਵਾਈ ਜਾਂਦੀ ਪੜ੍ਹਾਈ ਤੇ ਹੋਰ ਗਤੀਵਿਧੀਆਂ ਵਿੱਚ ਕਿਹੜੇ ਕਿਸਮ ਦੇ ਸੁਧਾਰਾਂ ਦੀ ਲੋੜ ਹੈ ਜਾਂ ਵਿਦਿਆਰਥੀਆਂ ਨੂੰ ਕਿਹੋ ਜਿਹੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ‘ਮਿਸ਼ਨ ਐਕਸੀਲੈਂਸ’ ਤਹਿਤ ਪੜ੍ਹਨ ਸਮੱਗਰੀ ਤਿਆਰ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਮਿਹਨਤੀ ਤੇ ਅਨੁਭਵੀ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਉਸ ਸਮੇਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਤੇ ਮੌਜੂਦਾ ਡਿਪਟੀ ਡੀ.ਈ.ਓ ਪ੍ਰੀਤਇੰਦਰ ਘਈ ਦੀ ਪ੍ਰੇਰਨਾ ਸਦਕਾ ਨਿਰੰਤਰ ਸੁਧਾਰ ਕੀਤਾ। ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਘਰਾਂ ਵਿੱਚ ਪੜ੍ਹਾਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਦੀ ਲੋੜ ਹੈ ਕਿਉਂਕਿ ਬੱਚਿਆਂ ਦੇ ਅੰਦਰ ਅਥਾਹ ਪ੍ਰਤਿਭਾਵਾਂ ਹਨ ਅਤੇ ਇਹ ਤਾਂ ਹੀ ਨਿਖਰ ਸਕਦੀਆਂ ਹਨ ਜੇਕਰ ਉਨ੍ਹਾਂ ਨੂੰ ਹਰ ਪੜਾਅ ’ਤੇ ਸਹਿਯੋਗ ਮਿਲੇ।
ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਸਫ਼ਲਤਾ ਹਾਸਲ ਕਰਨ ਲਈ ਸ਼ਾਟ ਕੱਟ ਨਾ ਅਪਣਾਇਆ ਜਾਵੇ। ਉਨ੍ਹਾਂ ਕਿਹਾ ਕਿ ਆਪਣੀਆਂ ਕਮੀਆਂ ਦੀ ਖੁਦ ਪਛਾਣ ਕਰੋ ਅਤੇ ਜੇਕਰ ਮਿਹਨਤ ਦਾ ਨਤੀਜਾ ਤੁਹਾਡੀ ਸੋਚ ਮੁਤਾਬਕ ਨਾ ਹੋਵੇ ਤਾਂ ਨਵੇਂ ਸਿਰਿਓ ਫਿਰ ਸਫ਼ਲਤਾ ਲਈ ਯਤਨਸੀਲ ਰਹੋ। ਉਨ੍ਹਾਂ ਕਿਹਾ ਕਿ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਬਲਕਿ ਸਫ਼ਲਤਾ ਲਈ ਦਿਨ ਰਾਤ ਮਿਹਨਤ ਕਰਨੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਕੌਰ ਡਿਪਟੀ ਡੀ.ਈ.ਓ ਪ੍ਰੀਤਇੰਦਰ ਘਈ, ਅਤੇ ਮਿਸ਼ਨ ਦੇ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here