ਡਾ ਸੁਰਜੀਤ ਪਾਤਰ ਨੂੰ ਸਿਜਦਾ ਕਰਦਿਆਂ ਸਾਦੇ ਤਰੀਕੇ ਨਾਲ ਕਾਗਜ਼ ਭਰੇ
ਦਲਜੀਤ ਕੌਰ
ਸੰਗਰੂਰ, 13 ਮਈ, 2024: ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸੰਗਰੂਰ ਪਾਰਲੀਮੈਂਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ। ਮੀਤ ਹੇਅਰ ਨੇ ਕਾਗਜ਼ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੇ ਵਿਕਾਸ ਦਾ ਏਜੰਡਾ ਪੇਸ਼ ਕੀਤਾ ਅਤੇ ਪਾਰਲੀਮੈਂਟ ਵਿੱਚ ਸੰਗਰੂਰ ਦੀ ਅਵਾਜ਼ ਬਣਨ ਦਾ ਪ੍ਰਣ ਕੀਤਾ।
ਮੀਤ ਹੇਅਰ ਨੇ ਪੰਜਾਬੀ ਦੇ ਮਰਹੂਮ ਕਵੀ ਡਾ ਸੁਰਜੀਤ ਪਾਤਰ ਨੂੰ ਸਿਜਦਾ ਕਰਦਿਆਂ ਬਿਨਾਂ ਕਿਸੇ ਰੈਲੀ ਜਾਂ ਰੋਡ ਸ਼ੋਅ ਦੇ ਸਾਦੇ ਤਰੀਕੇ ਨਾਲ ਕਾਗਜ਼ ਭਰੇ।
ਮੀਤ ਹੇਅਰ ਨੇ ਅੱਜ ਸੰਗਰੂਰ ਵਿਖੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ, ਕਾਲੀ ਮਾਤਾ ਜੀ ਮੰਦਿਰ ਅਤੇ ਭਗਵਾਨ ਸ੍ਰੀ ਵਾਲਮੀਕ ਜੀ ਮੰਦਿਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਸੰਗਰੂਰ ਡੀਸੀ ਦਫ਼ਤਰ ਵਿਖੇ ਪਰਿਵਾਰ ਸਮੇਤ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਸ ਮੌਕੇ ਮੀਤ ਹੇਅਰ ਦੇ ਮਾਤਾ-ਪਿਤਾ ਅਤੇ ਪਤਨੀ ਮੌਜੂਦ ਸਨ।
ਮੀਤ ਹੇਅਰ ਨੇ ਕਿਹਾ ਕਿ ਉਹ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੀ ਸਮੁੱਚੀ ਪਾਰਟੀ ਲੀਡਰਸ਼ਿਪ ਤੇ ਵਲੰਟੀਅਰਾਂ ਅਤੇ ਸਮੁੱਚੇ ਸੰਗਰੂਰ ਹਲਕੇ ਦੇ ਧੰਨਵਾਦੀ ਹਨ ਜਿਨ੍ਹਾਂ ਮੈਨੂੰ ਸੰਗਰੂਰ ਦੀ ਨੁਮਾਇੰਦਗੀ ਕਰਨ ਦੇ ਯੋਗ ਸਮਝਿਆ।
ਮੀਤ ਹੇਅਰ ਨੇ ਸੰਗਰੂਰ ਹਲਕੇ ਦੇ ਵਿਕਾਸ ਦਾ ਏਜੰਡਾ ਰੱਖਦਿਆਂ ਕਿਹਾ ਕਿ ਸੰਗਰੂਰ ਹਲਕੇ ਵਿੱਚ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ, ਕੇਂਦਰ ਤੋਂ ਸੰਗਰੂਰ ਵਿਖੇ ਆਈ.ਆਈ.ਟੀ. ਜਾਂ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਕਰਵਾਉਣੀ, ਮਾਲਵੇ ਖਿੱਤੇ ਨੂੰ ਰੇਲ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਰਾਜਪੁਰਾ-ਚੰਡੀਗੜ੍ਹ ਰੇਲ ਲਾਈਨ ਵਿਛਾਉਣੀ, ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਦੀ ਪ੍ਰਫੁੱਲਤਾ ਲਈ ਭਾਸ਼ਾ ਸੈਂਟਰ ਜਾਂ ਅਕੈਡਮੀ ਸਥਾਪਤ ਕਰਨੀ, ਸੰਗਰੂਰ ਦੀ ਅਨਾਜ ਮੰਡੀ ਸ਼ਹਿਰ ਤੋਂ ਬਾਅਦ ਬਾਹਰ ਵੱਡੀ ਬਣਾਉਣੀ, ਤਿੰਨੇ ਜ਼ਿਲਿਆਂ ਸੰਗਰੂਰ, ਬਰਨਾਲਾ ਤੇ ਮਾਲਰਕੋਟਲਾ ਵਿਖੇ ਮਲਟੀਪਰਪਜ਼ ਆਊਟਡੋਰ ਤੇ ਇੰਡੋਰ ਸਟੇਡੀਅਮ ਬਣਾਉਣੇ, ਸੰਗਰੂਰ ਹਲਕੇ ਵਿੱਚ ਕੌਮਾਂਤਰੀ ਮਾਪਦੰਡਾਂ ਵਾਲਾ ਕ੍ਰਿਕਟ ਸਟੇਡੀਅਮ ਬਣਾਉਣਾ, ਸੰਗਰੂਰ ਨੂੰ ਸਨਅਤੀ ਹੱਬ ਬਣਾਉਣਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਸਭ ਧਰਮਾਂ ਦੇ ਧਾਰਮਿਕ ਸਥਾਨਾਂ ਵੱਲ ਨਿਰੰਤਰ ਹਾਈ ਸਪੀਡ ਰੇਲ ਗੱਡੀਆਂ ਚਲਾਉਣਾ ਪ੍ਰਮੁੱਖ ਤਰਜੀਹ ਹੋਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਰਾਜ, ਜਮੀਲ ਉਰ ਰਹਿਮਾਨ, ਕੁਲਵੰਤ ਸਿੰਘ ਪੰਡੋਰੀ, ਬਰਿੰਦਰ ਕੁਮਾਰ ਗੋਇਲ ਤੇ ਲਾਭ ਸਿੰਘ ਉੱਗੋਕੇ ਵੀ ਹਾਜ਼ਰ ਸਨ।