ਮੀਤ ਹੇਅਰ ਵੱਲੋਂ ਕੰਢੀ ਖੇਤਰ ਦੇ 7 ਡੈਮਾਂ ਦੇ ਜਲ ਵੰਡ ਢਾਂਚੇ ਦੀ ਕਾਇਆ ਕਲਪ ਲਈ 5.72 ਕਰੋੜ ਰੁਪਏ ਮਨਜ਼ੂਰ

0
184

ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਮਜ਼ਬੂਤ ਸਿੰਜਾਈ ਨੈੱਟਵਰਕ ਯਕੀਨੀ ਬਣਾਉਣ ਲਈ ਵਚਨਬੱਧ: ਮੀਤ ਹੇਅਰ

ਚੰਡੀਗੜ੍ਹ, 15 ਮਈ :

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਾਣੀ ਦੀ ਵੰਡ ਨੂੰ ਹੋਰ ਬਿਹਤਰ ਤੇ ਸੁਚੱਜਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਲ ਸਰੋਤ ਵਿਭਾਗ, ਹੁਸ਼ਿਆਰਪੁਰ ਦੇ ਏਰੀਆ ਡੈਮ ਸਰਕਲ ਅਧੀਨ ਪੈਂਦੇ ਕੰਢੀ ਖੇਤਰ ਦੇ 7 ਡੈਮਾਂ ਦੀ ਬਹਾਲੀ ਲਈ 5.72 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ।

ਜਲ ਸਰੋਤ ਮੰਤਰੀ ਨੇ ਦੱਸਿਆ ਕਿ ਕੰਢੀ ਖੇਤਰ ਦੇ ਮੌਜੂਦਾ 7 ਘੱਟ ਜਲ ਪੱਧਰ ਵਾਲੇ ਡੈਮ ਜਿਵੇਂ ਸਲੇਰਾਂ ਡੈਮ, ਪਰਚ ਡੈਮ, ਪਟਿਆਰੀ ਡੈਮ, ਥਾਨਾ ਡੈਮ, ਜੈਂਤੀ ਡੈਮ, ਸਿਸਵਾਂ ਡੈਮ ਅਤੇ ਮਿਰਜ਼ਾਪੁਰ ਡੈਮ ਜਿੱਥੇ ਸ਼ਿਵਾਲਿਕ ਪਹਾੜੀਆਂ ਦੇ ਬਰਸਾਤੀ ਪਾਣੀ ਨਾਲ ਨਜਿੱਠਣ ਅਤੇ ਕੰਢੀ ਖੇਤਰ ਨੂੰ ਸਿੰਜਾਈ ਦੀ ਸਹੂਲਤ ਪ੍ਰਦਾਨ ਕਰਦੇ ਹਨ ਉੱਥੇ ਹੀ ਸੁਚੱਜੀ ਜਲ ਵੰਡ ਪ੍ਰਣਾਲੀ ਰਾਹੀਂ ਇਸ ਖੇਤਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਇਨ੍ਹਾਂ 7 ਡੈਮਾਂ ਦੀ ਵੰਡ ਪ੍ਰਣਾਲੀ ਰੱਖ-ਰਖਾਅ ਨਾ ਹੋਣ ਕਾਰਨ ਠੱਪ ਪਈ ਹੈ, ਜਿਸ ਕਾਰਨ ਕੰਢੀ ਖੇਤਰ ਦੇ ਇਨ੍ਹਾਂ 7 ਡੈਮਾਂ ਅਧੀਨ ਆਉਂਦੇ ਖੇਤਰ ਦੀ ਸਿੰਜਾਈ ਨਹੀਂ ਹੋ ਰਹੀ ਹੈ। ਏਅਰ ਕੰਪ੍ਰੈਸ਼ਰ ਦੀ ਮਦਦ ਨਾਲ 7 ਡੈਮਾਂ ਦੇ ਜਲ ਵੰਡ ਨੈੱਟਵਰਕ ਪ੍ਰਣਾਲੀ ਨੂੰ ਖੋਲ੍ਹ ਕੇ ਕਾਰਜਸ਼ੀਲ ਬਣਾਉਣ ਲਈ ਇੱਕ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ।

ਜਲ ਸਰੋਤ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਿੰਜਾਈ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਕਿਸਾਨਾਂ ਨੂੰ ਨਹਿਰੀ ਪਾਣੀ ਪਹੁੰਚਦਾ ਕਰਨ ਲਈ ਬਿਹਤਰ ਨੈਟਵਰਕ ਤਿਆਰ ਕਰ ਰਹੀ ਹੈ।

LEAVE A REPLY

Please enter your comment!
Please enter your name here