ਪ੍ਰਿਟਿੰਗ ਤੇ ਸਟੇਸ਼ਨਰੀ ਮੰਤਰੀ ਨੇ ਸਰਕਾਰੀ ਪ੍ਰੈਸ ਦਾ ਦੌਰਾ ਕਰਕੇ ਲੋੜੀਂਦੀ ਨਵੀ ਮਸ਼ੀਨਰੀ ਲਗਾਉਣ ਲਈ ਆਖਿਆ
ਚੰਡੀਗੜ੍ਹ/ ਐਸ.ਏ.ਐਸ.ਨਗਰ, 27 ਅਕਤੂਬਰ
ਪ੍ਰਿਟਿੰਗ ਤੇ ਸਟੇਸ਼ਨਰੀ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਲਈ ਪੁਨਰਗਠਨ ਦੀ ਪ੍ਰਕਿਰਿਆ ਜਲਦ ਮੁਕੰਮਲ ਕਰਕੇ ਇਨ੍ਹਾਂ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਹ ਗੱਲ ਪ੍ਰਿਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਰਕਾਰੀ ਪ੍ਰੈਸ ਦੇ ਦੌਰੇ ਮੌਕੇ ਕਹੀ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰੈਸ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਾਮੀਆਂ ਦੀ ਸਿਰਜਣਾ ਕਰਨ ਤੋਂ ਬਾਅਦ ਨਵੀਨੀਕਰਨ ਕੀਤਾ ਜਾਵੇਗਾ ਜਿਸ ਤਹਿਤ ਬੇਲੋੜੇ ਸਮਾਨ ਦਾ ਨਿਪਟਾਰਾ ਕਰਕੇ ਅਤਿ-ਆਧੁਨਿਕ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਅਸਾਮੀਆਂ ਦੀ ਭਰਤੀ ਅਤੇ ਲੋੜੀਂਦੀ ਨਵੀ ਮਸ਼ੀਨਰੀ ਸਥਾਪਤ ਕਰਨ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇ।
ਮੀਤ ਹੇਅਰ ਨੇ ਸਰਕਾਰੀ ਪ੍ਰੈਸ ਦਾ ਦੌਰਾ ਕਰਕੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਮਸ਼ੀਨਾਂ ਦੇਖੀਆਂ। ਉਨ੍ਹਾਂ ਨੇ ਵੱਖ-ਵੱਖ ਬਰਾਂਚਾਂ ਦਾ ਦੌਰਾ ਕਰਕੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਟਾਫ ਨੂੰ ਆਖਿਆ ਕਿ ਸਰਕਾਰੀ ਪ੍ਰੈਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਮ ਕੀਤੇ ਜਾਣ।
ਇਸ ਮੌਕੇ ਪ੍ਰਮੁੱਖ ਸਕੱਤਰ ਵੀ.ਕੇ.ਮੀਨਾ, ਵਿਸ਼ੇਸ਼ ਸਕੱਤਰ ਡਾ. ਸੇਨੂੰ ਦੁੱਗਲ ਤੇ ਕੰਟਰੋਲਰ ਵਿੰਮੀ ਭੁੱਲਰ ਵੀ ਹਾਜ਼ਰ ਸਨ।