ਮੁੱਖ ਮੰਤਰੀ ਦਫ਼ਤਰ, ਪੰਜਾਬ
ਮੁਕੇਰੀਆਂ ਦੇ ਵਪਾਰੀਆਂ ਵੱਲੋਂ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਪੰਜਾਬ ਦੇ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੀਆਂ ਪਹਿਲਕਦਮੀਆਂ ਨੂੰ ਭਰਵਾਂ ਹੁੰਗਾਰਾ
* ਉਦਯੋਗ ਪੱਖੀ ਮਾਹੌਲ ਸਿਰਜਣ ਲਈ ਸੂਬਾ ਸਰਕਾਰ ਦੀ ਕੀਤੀ ਸ਼ਲਾਘਾ
ਮੁਕੇਰੀਆਂ , 24 ਫਰਵਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਅੱਜ ਮੁਕੇਰੀਆਂ ਅਤੇ ਆਸ-ਪਾਸ ਇਲਾਕੇ ਦੇ ਵਪਾਰੀਆਂ ਨੇ ਸੂਬਾ ਸਰਕਾਰ ਦੇ ਉਦਯੋਗ ਪੱਖੀ ਫੈਸਲਿਆਂ ਦੀ ਸ਼ਲਾਘਾ ਕੀਤੀ ।
ਰਾਇਸ ਮਿਲਰਜ਼ ਐਸੋਸੀਏਸ਼ਨ ਦੇ ਸਕੱਤਰ ਸੰਜੀਵ ਆਨੰਦ ਨੇ ਕਿਹਾ ਕਿ ‘ਰਾਇਟ ਟੂ ਬਿਜ਼ਨਸ’ ਤਹਿਤ ਨਵੀਂ ਯੂਨਿਟ ਲਈ ਅਪਲਾਈ ਕੀਤਾ ਸੀ। ਖੁਸ਼ੀ ਦੀ ਗੱਲ ਇਹ ਹੈ ਕਿ ਕੁੱਝ ਹੀ ਦਿਨਾਂ ਵਿੱਚ ਸਾਰੀ ਮਨਜ਼ੂਰੀ ਮਿਲ ਗਈ। ਇਸ ਤੋਂ ਪਹਿਲਾਂ ਇੰਨੀ ਜਲਦੀ ਉਦਯੋਗ ਲਗਾਉਣ ਦੀ ਮਨਜ਼ੂਰੀ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਪੰਜਾਬ ਵਿੱਚ ਉਦਯੋਗ ਪੱਖੀ ਮਾਹੌਲ ਸਿਰਜ ਕੇ ਬਹੁਤ ਹੀ ਕ੍ਰਾਂਤੀਵਾਦੀ ਕਦਮ ਚੁੱਕਿਆ ਹੈ।
ਇਸੇ ਤਰ੍ਹਾਂ ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿੱਚ ਵਪਾਰ ਪ੍ਰਫੁੱਲਤ ਹੋਇਆ ਹੈ। ਖਾਸ ਤੌਰ ਉੱਤੇ ਇੰਸਪੈਕਟਰੀ ਰਾਜ ਉੱਤੇ ਨਕੇਲ ਕਸੀ ਗਈ ਹੈ। ਉਨ੍ਹਾਂ ਨੇ ਸਰਕਾਰ-ਵਪਾਰ ਮਿਲਣੀ ਦੀ ਦਿਲੋਂ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਲਈ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦਸੂਹਾ ਵਿੱਚ ਨਰਸਿੰਗ ਕਾਲਜ ਦੀ ਮੰਗ ਰੱਖੀ।
ਇਸ ਦੌਰਾਨ ਵਪਾਰ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮ ਨਾਲ ਆਮ ਵਰਗ ਦੇ ਨਾਲ – ਨਾਲ ਸੂਬੇ ਵਿੱਚ ਉਦਯੋਗ ਵੀ ਮਜ਼ਬੂਤ ਹੋਣ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਜਲਦ ਫ਼ੈਸਲੇ ਲੈ ਕੇ ਉਦਯੋਗਿਕ ਖੇਤਰ ਨੂੰ ਪ੍ਰਫੁੱਲਤ ਕਰਨ ਦੀ ਦਿਸ਼ਾ ਵੱਲ ਕਦਮ ਚੁੱਕਿਆ ਹੈ, ਉਸ ਨਾਲ ਆਉਣ ਵਾਲਾ ਸਮਾਂ ਸੂਬੇ ਲਈ ਕਾਫ਼ੀ ਬਿਹਤਰ ਹੋਵੇਗਾ। ਉਨ੍ਹਾਂ ਨੇ ਵਪਾਰੀਆਂ ਲਈ ਸਿਹਤ ਬੀਮਾ ਯੋਜਨਾ ਦੀ ਮੰਗ ਕੀਤੀ।
ਮੁਕੇਰੀਆਂ ਦੇ ਉੱਦਮੀ ਠਾਕੁਰ ਕੁਲਵੰਤ ਸਿੰਘ ਨੇ ਨਿਵੇਸ਼ ਪੰਜਾਬ ਪੋਰਟਲ ਜ਼ਰੀਏ ਪੰਜਾਬ ਦੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਮਾਲ ਸਕੇਲ ਯੂਨਿਟ ਮੁਕੇਰੀਆਂ ਵਿੱਚ ਲਗਾਉਣ ਲਈ ਆਨਲਾਇਨ ਅਪਲਾਈ ਕੀਤਾ ਸੀ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਿਰਫ਼ 15 ਦਿਨ ਵਿੱਚ ਹੀ ਉਨ੍ਹਾਂ ਨੂੰ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ। ਅੱਜ ਉਨ੍ਹਾਂ ਦੀ ਯੂਨਿਟ ਵਧੀਆ ਕੰਮ ਕਰ ਰਹੀ ਹੈ।
ਸਮਾਗਮ ਦੌਰਾਨ ਮਾਸਟਰ ਸੇਵਾ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ੁਕਰਗੁਜ਼ਾਰ ਹਨ ਕਿ ਇਸ ਛੋਟੇ ਜਿਹੇ ਸ਼ਹਿਰ ਵਿੱਚ ਸਰਕਾਰ ਨੇ ਵਪਾਰ-ਮਿਲਣੀ ਕਰਵਾ ਕੇ ਚੰਗਾ ਕਦਮ ਚੁੱਕਿਆ ਹੈ। ਉਨ੍ਹਾਂ ਦੀ ਉਦਯੋਗ ਪੱਖੀ ਨੀਤੀ ਦੇ ਚਲਦੇ ਪੰਜਾਬ ਵਿੱਚ ਬਦਲਾਅ ਸਾਫ਼ ਦਿਸ ਰਿਹਾ ਹੈ। ਪੰਜਾਬ ਤੋਂ ਜਾ ਚੁੱਕਿਆ ਵਪਾਰ ਮੁੜ ਸੂਬੇ ਵਿੱਚ ਆਉਣ ਲੱਗਿਆ ਹੈ।
ਤਲਵਾੜਾ ਦੇ ਵਪਾਰੀ ਨਰਿੰਦਰ ਪੁਰੀ ਨੇ ਤਲਵਾੜਾ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਲਈ ਕੁੱਝ ਸੁਝਾਅ ਰੱਖੇ। ਉਨ੍ਹਾਂ ਨੇ ਕਿਹਾ ਕਿ ਮੁਕੇਰੀਆਂ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਛੋਟੇ ਕਸਬਿਆਂ ਵਿੱਚ ਉਦਯੋਗ ਸਥਾਪਤ ਕਰਨ ਲਈ ਵਧੀਆ ਸੰਕੇਤ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਉਦਯੋਗ ਅਤੇ ਵਪਾਰ ਜਗਤ ਤੋਂ ਸੁਝਾਅ ਲੈਣ ਲਈ ਵਟਸਐਪ ਨੰਬਰ ਜਾਰੀ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ।
ਰਾਇਸ ਮਿਲਰਜ਼ ਐਸੋਸੀਏਸ਼ਨ ਤੋਂ ਅਜੀਤ ਨਾਰੰਗ ਨੇ ਮੁਕੇਰੀਆਂ ਵਿੱਚ ਸਰਕਾਰ-ਵਪਾਰ ਮਿਲਣੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਕਸਬੇ ਵਿੱਚ ਕਿਸੇ ਨੇ ਵਪਾਰੀਆਂ ਦੀ ਸਾਰ ਨਹੀਂ ਲਈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਉਦਯੋਗ ਦੀ ਗੱਲ ਕਰਨ ਵਾਲਾ ਕੋਈ ਨਹੀਂ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕ੍ਰਾਂਤੀਕਾਰੀ ਫ਼ੈਸਲੇ ਲੈ ਕੇ ਸੂਬੇ ਦੇ ਉਦਯੋਗ ਜਗਤ ਨੂੰ ਹੁਲਾਰਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਰਾਈਸ ਮਿਲਰਜ਼ ਵੱਲੋਂ ਕੁੱਝ ਮੰਗਾਂ ਵੀ ਰੱਖੀਆਂ।