ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਤਾਲਮੇਲ ਕਮੇਟੀ ਦਾ ਗਠਨ
16 ਫਰਵਰੀ ਦੀ ਹੜਤਾਲ ਅਤੇ ਰੋਸ ਪ੍ਰਦਰਸ਼ਨਾਂ ਵਿੱਚ ਕੀਤੀ ਜਾਵੇਗੀ ਸ਼ਮੂਲੀਅਤ
ਪਟਿਆਲਾ,
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੀ ਮੀਟਿੰਗ ਸਥਾਨਕ ਪੈਨਸ਼ਨਰਜ ਹੋਮ ਵਿਖੇ ਗੁਰਦੀਪ ਸਿੰਘ ਵਾਲੀਆ ਜੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਅਤੇ ਪਟਿਆਲਾ ਜਿਲ੍ਹੇ ਦੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਾਂਝੇ ਫਰੰਟ ਦੇ ਸੂਬਾਈ ਕਨਵੀਨਰ ਕਰਮ ਸਿੰਘ ਧਨੋਆ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਪਟਿਆਲਾ ਜਿਲ੍ਹੇ ਦੀ 30 ਤਾਲਮੇਲ ਕਮੇਟੀ ਮੈਂਬਰਾਂ ਦਾ ਗਠਨ ਕੀਤਾ ਗਿਆ ਹੈ ਜਿਹਨਾਂ ਵਿੱਚੋ਼ਂ ਧਨਵੰਤ ਸਿੰਘ ਭੱਠਲ ਨੂੰ ਸਕੱਤਰ, ਗੁਰਦੀਪ ਸਿੰਘ ਵਾਲੀਆ ਨੂੰ ਸਹਾਇਕ ਸਕੱਤਰ, ਦਰਸ਼ਨ ਬੇਲੂਮਾਜਰਾ ਨੂੰ ਵਿੱਤ ਸਕੱਤਰ ਅਤੇ ਹਰਦੀਪ ਟੋਡਰਪੁਰ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਮੌਕੇ ਫੈਸਲਾ ਕੀਤਾ ਗਿਆ ਕਿ 16 ਫਰਵਰੀ ਨੂੰ ਕੇਂਦਰੀ ਟਰੇਡ ਯੂਨੀਅਨ ਵੱਲੋਂ ਦਿੱਤੇ ਹੜਤਾਲ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਪੇਂਡੂ ਭਾਰਤ ਬੰਦ ਦੇ ਸੱਦੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਸਾਂਝੇ ਫਰੰਟ ਆਗੂਆਂ ਹਰਿੰਦਰ ਸਿੰਘ, ਅਮਰਜੀਤ ਸਿੰਘ ਵਾਲੀਆ, ਲਖਵਿੰਦਰ ਖਾਨਪੁਰ, ਸੰਤ ਰਾਮ ਚੀਮਾ ਅਤੇ ਹਿੰਮਤ ਸਿੰਘ ਨੇ ਆਖਿਆ ਕਿ ਹਰ ਤਰਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਵਾਉਣ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਤਹਿਤ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਲਾਗੂ ਕਰਵਾਉਣ, ਤਨਖਾਹ ਕਮਿਸ਼ਨ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਸੋਧਾਂ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਉੱਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ, ਪਰਖਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਵਾਲੇ 15-01-2015 ਅਤੇ 05-09-2016 ਦੇ ਪੱਤਰ ਰੱਦ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਰੋਕੇ ਗਏ ਭੱਤੇ ਅਤੇ ਏ.ਸੀ.ਪੀ. ਬਹਾਲ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, ਹਰ ਪ੍ਰਕਾਰ ਦੇ ਬਕਾਏ ਜਾਰੀ ਕਰਵਾਉਣ, ਵੱਖ-ਵੱਖ ਵਿਭਾਗਾਂ ਵਿੱਚ ਪੁਨਰਗਠਨ ਦੇ ਨਾਮ ਹੇਠ ਖਤਮ ਕੀਤੀਆਂ ਹਜਾਰਾਂ ਅਸਾਮੀਆਂ ਬਹਾਲ ਕਰਕੇ ਸਮੁੱਚੀਆਂ ਖਾਲੀ ਅਸਾਮੀਆਂ ਤੇ ਭਰਤੀ ਕਰਵਾਉਣ, ਕੈਸ਼ਲੈੱਸ ਹੈਲਥ ਸਕੀਮ ਲਾਗੂ ਕਰਵਾਉਣ, ਮੁਲਾਜ਼ਮਾਂ ਤੇ ਲਾਗੂ ਕੀਤਾ ਗਿਆ 200 ਰੁਪਏ ਮਹੀਨਾ ਵਿਕਾਸ ਟੈਕਸ ਰੱਦ ਕਰਵਾਉਣ, ਝੂਠੇ ਪੁਲਿਸ ਕੇਸ ਰੱਦ ਕਰਵਾਉਣ ਸਮੇਤ ਵੱਖ-ਵੱਖ ਮੰਗਾਂ ਦੀ ਪੂਰਤੀ ਕਰਵਾਉਣ ਲਈ ਪੰਜਾਬ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਰੱਖੜਾ, ਪਰਮਵੀਰ ਸਿੰਘ, ਮੈਡਮ ਮਨਦੀਪ ਕੌਰ, ਰਾਮ ਚੰਦ ਬਖ਼ਸ਼ੀਵਾਲਾ ਮਹਿੰਦਰ ਸਿੰਘ ਮਲਹੋਤਰਾ, ਪਰਮਜੀਤ ਸਿੰਘ, ਸਤਪਾਲ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਛਾਵੜਾ, ਜਸਵਿੰਦਰ ਸੋਜਾਂ, ਜਸਵੀਰ ਸਿੰਘ ਖੋਖਰ, ਪਰਮਜੀਤ ਸਿੰਘ, ਹਾਕਮ ਸਿੰਘ ਖਨੌੜਾ, ਨਿਰਭੈ ਸਿੰਘ ਜਰਗ, ਸ਼ਿਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਜੀਦਪੁਰ ਆਦਿ ਵੀ ਹਾਜ਼ਰ ਸਨ।