ਅੰਮ੍ਰਿਤਸਰ, 25 ਜੂਨ, 2023: ਪੰਜਾਬ-ਯੂ.ਟੀ. ਮੁਲਾਜ਼ਮ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ‘ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਅੱਜ ਵੱਡੀ ਗਿਣਤੀ ‘ਚ ਕਸਟਮ ਚੌਂਕ ਨੇੜੇ ਇਕੱਠੇ ਹੋ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਧਾਇਕ ਅੰਮ੍ਰਿਤਸਰ ਉੱਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ‘ਤੇ ਥੋਪੇ ਗਏ 200 ਰੁਪਏ ਪ੍ਰਤੀ ਮਹੀਨਾ ਵਿਕਾਸ ਬਨਾਮ ਜਜੀਆ ਟੈਕਸ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਇਕੱਠੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ, ਮਦਨ ਗੋਪਾਲ, ਮੰਗਲ ਸਿੰਘ ਟਾਂਡਾ, ਸੁਖਦੇਵ ਸਿੰਘ ਪੰਨੂ, ਬੋਬਿੰਦਰ ਸਿੰਘ, ਜੋਗਿੰਦਰ ਸਿੰਘ, ਸੁਖਰਾਜ ਸਿੰਘ ਸਰਕਾਰੀਆ ਅਤੇ ਅਜੈ ਸਨੋਤਰਾ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ‘ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਲਾਉਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਜਜੀਆ ਟੈਕਸ ਵਾਪਸ ਲਿਆ ਜਾਵੇ, ਛੇਵੇਂ ਪੇ ਕਮਿਸ਼ਨ ਮੁਤਾਬਕ ਪੈਨਸ਼ਨਰਾਂ ‘ਤੇ 2.59 ਦਾ ਗੁਣਾਂਕ ਅਤੇ ਨੋਸ਼ਨਲ ਪੈਨਸ਼ਨ ਸੋਧ ਵਿਧੀ ਲਾਗੂ ਕੀਤੀ ਜਾਵੇ ਅਤੇ ਪੈਨਸ਼ਨਰਾਂ ਨੂੰ ਸਾਢੇ ਪੰਜ ਸਾਲ ਦਾ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ, ਕੱਚੇ ਮੁਲਾਜ਼ਮਾਂ ‘ਤੇ ਛੇਵੇਂ ਤਨਖਾਹ ਕਮਿਸ਼ਨ ਦੇ ਸਕੇਲ ਲਾਗੂ ਕਰਦਿਆਂ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਕੱਟੇ ਗਏ ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਵੱਖ ਵੱਖ ਭੱਤੇ ਬਹਾਲ ਕੀਤੇ ਜਾਣ।
ਅੱਜ ਦੇ ਪ੍ਰਦਰਸ਼ਨ ਵਿੱਚ ਚਰਨ ਸਿੰਘ ਸੰਧੂ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾਂ, ਨਰਿੰਦਰ ਸਿੰਘ, ਪ੍ਰੇਮ ਚੰਦ, ਸੁਖਦੇਵ ਰਾਜ ਕਾਲੀਆ, ਹਰਮੋਹਿੰਦਰ ਸਿੰਘ, ਡਾ. ਗੁਰਦਿਆਲ ਸਿੰਘ, ਕਰਮਜੀਤ ਸਿੰਘ ਕੇਪੀ, ਰਣਵੀਰ ਸਿੰਘ ਉੱਪਲ, ਨਰਿੰਦਰ ਸ਼ਰਮਾ, ਰਾਜੇਸ਼ ਪ੍ਰਾਸ਼ਰ, ਸੁੱਚਾ ਸਿੰਘ ਟਰਪੱਈ, ਮਦਨ ਲਾਲ ਮੰਨਣ, ਲਖਵਿੰਦਰ ਸਿੰਘ ਗਿੱਲ, ਅਵਤਾਰਜੀਤ ਸਿੰਘ, ਜੋਰਾਵਰ ਸਿੰਘ ਜਲਾਲ, ਅਵਤਾਰਜੀਤ ਸਿੰਘ, ਸੋਮਰਾਜ, ਬਗੀਚਾ ਸਿੰਘ, ਨਾਨਕ ਚੰਦ, ਯਸ਼ਪਾਲ, ਰਾਜ ਮਸੀਹ ਭੋਏਵਾਲ, ਮਨਜੀਤ ਸਿੰਘ ਸ਼ਾਹ ਅਤੇ ਕੁਲਦੀਪ ਸਿੰਘ ਆਦਿ ਸ਼ਾਮਲ ਹੋਏ।