ਮੁਹੱਲਾ ਇੰਦਰਾ ਪੁਰੀ ਅਤੇ ਪ੍ਰੀਤ ਨਗਰ ਦੀਆਂ ਔਰਤਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਸਮਾਣਾ 13 ਅਗਸਤ (ਹਰਜਿੰਦਰ ਸਿੰਘ ਜਵੰਦਾ) ਜਿੱਥੇ ਪੰਜਾਬ ਵਿੱਚ ਸਾਡਾ ਪੁਰਾਤਨ ਸੱਭਿਆਚਾਰ ਦਿਨੋ-ਦਿਨ ਅਲੋਪ ਹੁੰਦਾ ਜਾ ਰਿਹਾ ਹੈ, ਉਥੇ ਦੂਜੇ ਪਾਸੇ ਤੀਆਂ ਵਰਗੇ ਤਿਉਹਾਰ ਮਨਾ ਕੇ ਇਸ ਨੂੰ ਸਾਂਭਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਮੁਹੱਲਾ ਇੰਦਰਾ ਪੁਰੀ ਅਤੇ ਪ੍ਰੀਤ ਨਗਰ ਦੀਆਂ ਔਰਤਾਂ ਵਲੋਂ ਸਥਾਨਕ ਵਿਰਧੀ ਬੈਂਕੁਏਟ ਹਾਲ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ।ਇਸ ਮੌਕੇ ਇਕੱਤਰ ਔਰਤਾਂ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤੀਆਂ ਦਾ ਤਿਉਹਾਰ ਮਹਿਲਾਵਾਂ ਦੇ ਆਪਸੀ ਪਿਆਰ ਅਤੇ ਭਾਈਚਾਰੇ ਦਾ ਪ੍ਰਤੀ ਹੈ ਅਤੇ ਇਸ ਤਿਉਹਾਰ ਦਾ ਸਾਡੇ ਪੁਰਾਤਨ ਸੱਭਿਆਚਾਰ ਨਾਲ ਗੂੜਾ ਸਬੰਧ ਹੈ ਅਤੇ ਜਿਸ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਵੀ ਚੰਗੀ ਸੇਧ ਮਿਲਦੀ ਹੈ। ਔਰਤਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧੀਆਂ ਦਾ ਤਿਉਹਾਰ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਜਿਸ ਨਾਲ ਆਪਸੀ ਪ੍ਰੇਮ ਪਿਆਰ ਵਿੱਚ ਵਾਧਾ ਹੁੰਦਾ ਹੈ ਤੇ ਗਿਲੇ ਸ਼ਿਕਵੇ ਦੂਰ ਹੁੰਦੇ ਹਨ।