ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਵੋਟਰਾਂ ਨੂੰ “ਇਸ ਵਾਰ 70 ਪਾਰ” ਦੀ ਪ੍ਰਾਪਤੀ ਲਈ 1 ਜੂਨ ਨੂੰ ਹੁਮ-ਹੁਮਾ ਕੇ ਚੋਣ ਬੂਥਾਂ ’ਤੇ ਜਾਣ ਦੀ ਅਪੀਲ
ਚੋਣਾਂ ਵਿੱਚ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਬੋਗਨਵਿਲੀਆ ਗਾਰਡਨ, ਮੋਹਾਲੀ ਤੋਂ ਵਾਕਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
– ਬੂਥਾਂ ’ਤੇ ਲੂ ਪ੍ਰਬੰਧਨ ਲਈ ਢੁਕਵੇਂ ਉਪਾਅ
ਐਸ.ਏ.ਐਸ.ਨਗਰ, 26 ਮਈ, 2024:
ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਸਿਬਿਨ ਸੀ, ਨੇ ਵੋਟਰਾਂ ਨੂੰ ਸੂਬੇ ਚ “ਇਸ ਵਾਰ 70 ਪਾਰ” ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 1 ਜੂਨ ਨੂੰ ਪੂਰੇ ਜੋਸ਼ ਨਾਲ ਪੋਲਿੰਗ ਬੂਥਾਂ ’ਤੇ ਜਾਣ ਲਈ ਅਪੀਲ ਕੀਤੀ ਹੈ।
ਐਤਵਾਰ ਸਵੇਰੇ ਸਥਾਨਕ ਕਮਿਊਨਿਟੀ ਕਲੱਬਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਇੱਕ ਵਾਕਾਥਨ ਨੂੰ ਬੋਗਨਵਿਲੀਆ ਗਾਰਡਨ, ਫੇਜ਼ 4, ਮੋਹਾਲੀ ਤੋਂ ਹਰੀ ਝੰਡੀ ਦਿਖਾਉਂਦੇ ਹੋਏ, ਸੀ.ਈ.ਓ. ਸਿਬਿਨ ਸੀ ਨੇ ਕਿਹਾ ਕਿ ਵਾਕਾਥਨ ਦਾ ਉਦੇਸ਼ ਚੋਣਾਂ ਵਿੱਚ ਸਰਗਰਮ ਭਾਗੀਦਾਰੀ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰੋਗਰਾਮ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਭਾਗੀਦਾਰ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਨੂੰ ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਗਤੀਵਿਧੀ ਦੇ ਹਿੱਸੇ ਵਜੋਂ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ।
ਵਾਕਾਥਨ ਵਿੱਚ ਵੋਟਿੰਗ ਅਤੇ ਗ੍ਰੀਨ ਚੋਣਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ, ਜਿਸ ਵਿੱਚ ਭਾਗ ਲੈਣ ਵਾਲਿਆਂ ਨੇ ਹਰੇ ਰੰਗ ਦੀਆਂ ਟੀ-ਸ਼ਰਟਾਂ ਅਤੇ ਟੋਪੀਆਂ ਪਹਿਨੀਆਂ ਹੋਈਆਂ ਸਨ, ਜਿਨ੍ਹਾਂ ਤੇ “ਸਾਡਾ ਮਿਸ਼ਨ-ਗ੍ਰੀਨ ਚੋਣ” ਨਾਅਰਾ ਲਿਖਿਆ ਸੀ। ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਗ੍ਰੀਨ ਚੋਣਾਂ ਦੇ ਸੰਦੇਸ਼ ਨੂੰ ਪ੍ਰਫੁੱਲਤ ਕਰਨ ਲਈ ਭਾਗ ਲੈਣ ਵਾਲਿਆਂ ਨੂੰ ਬੂਟੇ ਵੀ ਵੰਡੇ ਗਏ। ਸੀ.ਈ.ਓ. ਸਿਬਿਨ ਸੀ ਨੇ ਗ੍ਰੀਨ ਚੋਣ ਸੁਨੇਹੇ ਨੂੰ ਦਰਸਾਉਣ ਲਈ ਬੋਗਨਵਿਲੀਆ ਗਾਰਡਨ ਵਿੱਚ ਇੱਕ ਬੂਟਾ ਵੀ ਲਗਾਇਆ। ਇਸ ਮੌਕੇ ਉਨ੍ਹਾਂ ਨੇ ਹਰੇ ਰੰਗ ਦੀਆਂ ਟੀ-ਸ਼ਰਟਾਂ ਅਤੇ ਕੈਪਸ ਵੀ ਲਾਂਚ ਕੀਤੀਆਂ।
ਸੀ.ਈ.ਓ. ਨੇ ਕਿਹਾ ਕਿ ਮੁਹਾਲੀ ਅਤੇ ਬਾਕੀ ਸਾਰੇ ਜ਼ਿਲ੍ਹੇ ਵੋਟਾਂ ਲਈ ਤਿਆਰ ਹਨ ਅਤੇ ਮਤਦਾਨ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਮਤਦਾਨ ਵਧਾਉਣ ਅਤੇ ਵਧੇਰੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ, ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵੱਖ-ਵੱਖ ਸਾਧਨਾਂ ਰਾਹੀਂ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਗਤੀਵਿਧੀਆਂ ਜਾਰੀ ਹਨ।
ਬਿਰਧ ਵੋਟਰਾਂ ਅਤੇ ਦਿਵਿਆਂਗ ਮਤਦਾਤਾਵਾਂ ਲਈ, ਹੋਮ ਵੋਟ (85 ਸਾਲ ਤੋਂ ਵਧੇਰੇ ਅਤੇ ਦਿਵਿਆਂਗਜਨ ਲਈ) ਨਾਮਕ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਘਰ ਤੋਂ ਹੀ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਮੋਬਾਈਲ ਐਪ ਸਕਸ਼ਮ ਬਜ਼ੁਰਗਾਂ ਅਤੇ ਪੀ ਡਬਲਯੂ ਡੀ (ਦਿਵਿਆਂਗ) ਵੋਟਰਾਂ ਲਈ ਟਰਾਂਸਪੋਰਟ ਸਹੂਲਤਾਂ ਪ੍ਰਾਪਤ ਕਰਨ ਦੇ ਨਾਲ-ਨਾਲ ਚੋਣ ਬੂਥਾਂ ’ਤੇ ਵਾਲੰਟੀਅਰਾਂ ਦੀ ਮਦਦ ਅਤੇ ਵ੍ਹੀਲਚੇਅਰ ਹਾਸਲ ਕਰਨ ਚ ਮਦਦਗਾਰ ਹੈ।
ਉਨ੍ਹਾਂ ਕਿਹਾ ਕਿ ਰਾਜ ਦੇ ਵੋਟਰਾਂ ਦਾ ਲਗਭਗ 49 ਪ੍ਰਤੀਸ਼ਤ ਔਰਤਾਂ ਹਨ, ਇਸ ਲਈ ਬੱਚਿਆਂ ਲਈ ਕ੍ਰੈਚ, ਵੇਟਿੰਗ ਏਰੀਆ, ਗਰਮੀ ਦੀ ਸਥਿਤੀ ਨਾਲ ਨਜਿੱਠਣ ਲਈ ਏਸੀ/ਕੂਲਰ/ਪੱਖੇ, ਪਖਾਨੇ ਅਤੇ ਹੋਰ ਯਕੀਨੀ ਘੱਟੋ-ਘੱਟ ਸਹੂਲਤਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੈਪੀਡੋ ਨੇ ਵੋਟਰਾਂ ਨੂੰ ਬੂਥਾਂ ਤੱਕ ਪਹੁੰਚਾਉਣ ਲਈ ਆਪਣੀਆਂ ਮੁਫਤ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਤਹਿਤ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਵਿੱਚ ਮੀਡੀਆ ਦੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕੀਤਾ।
ਪੰਜਾਬੀ ਫਿਲਮ ਅਦਾਕਾਰ ਰਾਜ ਧਾਲੀਵਾਲ ਅਤੇ ਅਦਾਕਾਰ ਦਰਸ਼ਨ ਔਲਖ ਵੀ ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ ਦੇ ਪ੍ਰਚਾਰ-ਪ੍ਰਸਾਰ ਲਈ ਮੌਜੂਦ ਸਨ।
ਏ.ਡੀ.ਸੀ.(ਜੀ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ. ਟਿੱਡਕੇ, ਨੇ ਇਸ ਮੌਕੇ ਸੀ.ਈ.ਓ. ਪੰਜਾਬ ਦਾ ਸਵਾਗਤ ਕੀਤਾ ਅਤੇ 1 ਜੂਨ ਨੂੰ ਵੱਧ ਤੋਂ ਵੱਧ ਮਤਦਾਨ ਯਕੀਨੀ ਬਣਾਉਣ ਲਈ ਜ਼ਿਲ੍ਹੇ ਵੱਲੋਂ ਕੀਤੀਆਂ ਚੋਣ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ, ਪ੍ਰੋ: ਗੁਰਬਖ਼ਸ਼ੀਸ਼ ਸਿੰਘ ਅੰਟਾਲ, ਚੋਣ ਤਹਿਸੀਲਦਾਰ ਸੰਜੇ ਕੁਮਾਰ, ਸੀ.ਈ.ਓ ਦਫ਼ਤਰ ਤੋਂ ਮਨਪ੍ਰੀਤ ਅਨੇਜਾ, ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ, ਚੋਣ ਕਾਨੂੰਗੋ ਸੁਰਿੰਦਰ ਬੱਤਰਾ ਵੀ ਹਾਜ਼ਰ ਸਨ ੍ਟ
—–
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੰਜਾਬ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸੱਤ ਨਸ਼ਾ ਤਸਕਰਾਂ ਨੂੰ 5.47 ਕਿਲੋਗ੍ਰਾਮ ਹੈਰੋਇਨ, 1.07 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕੀਤਾ ਕਾਬੂ
– ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ’ਚੋਂ 40 ਜਿੰਦਾ ਕਾਰਤੂਸ, ਵਰਨਾ ਕਾਰ, ਤਿੰਨ ਮੋਟਰਸਾਈਕਲ ਕੀਤੇ ਬਰਾਮਦ
– ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਮੁਲਜ਼ਮ ਵਿਦਿਆਰਥੀ ਹਨ ਅਤੇ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਸਨ: ਡੀਜੀਪੀ ਗੌਰਵ ਯਾਦਵ
– ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਪਾਕਿਸਤਾਨ ਅਧਾਰਿਤ ਨਸ਼ਾ ਤਸਕਰ ਦੇ ਸੰਪਰਕ ਵਿੱਚ ਸਨ: ਡੀਜੀਪੀ ਪੰਜਾਬ
– ਪਿਛਲੇ ਚਾਰ ਮਹੀਨਿਆਂ ਤੋਂ ਇਸ ਤਸਕਰੀ ਦੇ ਧੰਦੇ ਵਿੱਚ ਸਰਗਰਮ ਸਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ: ਐਸਐਸਪੀ ਫਾਜ਼ਿਲਕਾ ਡਾ. ਪ੍ਰਗਿਆ ਜੈਨ
ਚੰਡੀਗੜ੍ਹ/ਫਾਜ਼ਿਲਕਾ, 26 ਮਈ:
ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਖਿਲਾਫ਼ ਵੱਡੀ ਸਫਲਤਾ ਹਾਸਲ ਕਰਦਿਆਂ ਫਾਜ਼ਿਲਕਾ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੰਤਰਰਾਸ਼ਟਰੀ ਨਾਰਕੋ ਤਸਕਰੀ ਮਾਡਿਊਲ ਦੇ ਸੱਤ ਨਸ਼ਾ ਤਸਕਰਾਂ ਨੂੰ 5.47 ਕਿਲੋਗ੍ਰਾਮ ਸ਼ੁੱਧ ਹੈਰੋਇਨ ਅਤੇ 1.07 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਲਵਲੀ (21), ਸੁਖਚੈਨ ਸਿੰਘ ਉਰਫ ਲੱਕੀ (19) ਅਤੇ ਸੋਲਵ ਸਿੰਘ (19) ਤਿੰਨੋਂ ਵਾਸੀ ਪਿੰਡ ਪੀਰੇ ਕੇ ਉਤਰ, ਫਾਜ਼ਿਲਕਾ; ਗੁਰਚਰਨ ਸਿੰਘ ਉਰਫ ਮਿਲਖਾ (21) ਵਾਸੀ ਪਿੰਡ ਚੱਕ ਸਵਾਹ ਵਾਲਾ, ਫਾਜ਼ਿਲਕਾ, ਕਰਨਦੀਪ ਸਿੰਘ (29) ਵਾਸੀ ਪਿੰਡ ਬਾਦਲ ਕੇ, ਫਾਜ਼ਿਲਕਾ, ਦਲਜੀਤ ਸਿੰਘ ਉਰਫ ਮਾਨੀ (23) ਵਾਸੀ ਮਹਾਤਮ ਨਗਰ, ਫਾਜ਼ਿਲਕਾ ਅਤੇ ਕਮਲਦੀਪ ਸਿੰਘ (32) ਵਾਸੀ ਪਿੰਡ ਕੋਟ ਗੋਬਿੰਦਪੁਰਾ, ਕਪੂਰਥਲਾ ਵਜੋਂ ਹੋਈ ਹੈ। ਮੁਲਜ਼ਮ ਕਮਲਦੀਪ ਸਿੰਘ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਪਹਿਲਾਂ ਵੀ ਕਪੂਰਥਲਾ ਵਿੱਚ ਐਨਡੀਪੀਐਸ ਐਕਟ ਦੇ ਦੋ ਕੇਸਾਂ ਵਿੱਚ ਸ਼ਾਮਲ ਹੈ।
ਹੈਰੋਇਨ ਅਤੇ ਡਰੱਗ ਮਨੀ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 40 ਜਿੰਦਾ ਕਾਰਤੂਸ, ਛੇ ਮੋਬਾਈਲ ਫ਼ੋਨ, 8.4 ਗ੍ਰਾਮ ਸੋਨਾ ਅਤੇ 68.97 ਗ੍ਰਾਮ ਚਾਂਦੀ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਹੁੰਡਈ ਵਰਨਾ ਕਾਰ (ਐਚਆਰ 06 ਵਾਈ 8681) ਅਤੇ ਤਿੰਨ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਮੁਲਜ਼ਮ, ਜੋ ਕਿ ਅੱਲ੍ਹੜ ਉਮਰ ਦੇ ਹਨ, ਵਿਦਿਆਰਥੀ ਹਨ ਅਤੇ ਜਦੋਂ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਸਨ, ਉਨ੍ਹਾਂ ਦੀ ਜਾਣ-ਪਛਾਣ ਕਪੂਰਥਲਾ ਅਧਾਰਿਤ ਨਸ਼ਾ ਤਸਕਰ ਕਮਲਦੀਪ ਸਿੰਘ ਨਾਲ ਹੋਈ ਅਤੇ ਉਹਨਾਂ ਨੇ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਪਾਕਿਸਤਾਨ ਅਧਾਰਿਤ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਦੇ ਸਨ।
ਉਨ੍ਹਾਂ ਕਿਹਾ ਕਿ ਉਹਨਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਪਾਕਿਸਤਾਨ ਅਧਾਰਿਤ ਨਸ਼ਾ ਤਸਕਰ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਇਸ ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਮੁਲਜ਼ਮ ਬਲਜਿੰਦਰ ਸਿੰਘ, ਸੁਖਚੈਨ ਸਿੰਘ, ਸੋਲਵ ਸਿੰਘ, ਗੁਰਚਰਨ ਸਿੰਘ, ਕਰਨਦੀਪ ਸਿੰਘ ਅਤੇ ਕਮਲਦੀਪ ਸਿੰਘ ਨੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕੀਤੀ ਹੈ ਅਤੇ ਮੁਲਜ਼ਮ ਬਲਜਿੰਦਰ ਦੇ ਘਰ ਛੁਪਾ ਕੇ ਰੱਖੀ ਹੈ।
ਉਹਨਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਅਮੀਰ ਖਾਸ ਦੀਆਂ ਟੀਮਾਂ ਨੇ ਮੌਕੇ ’ਤੇ ਛਾਪੇਮਾਰੀ ਕੀਤੀ ਅਤੇ ਸਾਰੇ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੀ ਵਰਨਾ ਕਾਰ ’ਚ ਘਰ ਤੋਂ ਜਾਣ ਵਾਲੇ ਸਨ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਨਸ਼ੀਲੇ ਪਦਾਰਥਾਂ ਦੀ ਖੇਪ, ਜਿੰਦਾ ਕਾਰਤੂਸ ਅਤੇ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਪੁਲਿਸ ਟੀਮਾਂ ਨੇ ਮੁਲਜ਼ਮ ਦਲਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਪਹਿਲੀ ਵਾਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਏ ਸਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਨਸ਼ਾ ਤਸਕਰੀ ਦੇ ਇਸ ਧੰਦੇ ਵਿੱਚ ਲੱਗੇ ਹੋਏ ਸਨ। ਉਹਨਾਂ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਐਫਆਈਆਰ ਨੰ. 23 ਮਿਤੀ 23/05/2024 ਨੂੰ ਫਾਜ਼ਿਲਕਾ ਦੇ ਥਾਣਾ ਅਮੀਰ ਖਾਸ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21, 23 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਫਾਜ਼ਿਲਕਾ ਪੁਲਿਸ ਨੇ 16 ਮਾਰਚ 2024 ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ 22.57 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
—–