* ਕਿਹਾ, 18-19 ਸਾਲ ਉਮਰ ਵਰਗ ਦੇ 9,20,014 ਵਿਅਕਤੀਆਂ ਵਿੱਚੋਂ ਸਿਰਫ਼ 2,58,787 ਵੋਟਰ ਵਜੋਂ ਰਜਿਸਟਰਡ
ਚੰਡੀਗੜ੍ਹ (ਸਾਂਝੀ ਸੋਚ ਬਿਊਰੋ) -ਪੰਜਾਬ ਵਿੱਚ 2022 ਦੇ ਸ਼ੁਰੂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਕਰੁਣਾ ਰਾਜੂ (ਆਈ.ਏ.ਐਸ) ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਤਕਨੀਕੀ ਯੂਨੀਵਰਸਿਟੀਆਂ ਅਤੇ ਹੋਰ ਉਚੇਰੀ ਸਿੱਖਿਆ ਸੰਸਥਾਵਾਂ ਦੇ ਸੀਨੀਅਰ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਦੱਸਿਆ ਕਿ ਜਨਗਣਨਾ ਦੇ ਅਨੁਮਾਨਿਤ ਅੰਕੜਿਆਂ ਅਨੁਸਾਰ 18-19 ਸਾਲ ਉਮਰ ਵਰਗ ਵਿੱਚ 9,20,014 ਵਿਅਕਤੀ ਹਨ ਅਤੇ ਇਨਾਂ ਵਿੱਚੋਂ 2,58,787 ਵੋਟਰ ਵਜੋਂ ਰਜਿਸਟਰਡ ਹਨ। ਉਨਾਂ ਨੇ ਯੂਨੀਵਰਸਿਟੀਆਂ/ਬੋਰਡਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਾੜੇ ਨੂੰ ਭਰਨ ਲਈ ਰਣਨੀਤੀ ਘੜਨ ਅਤੇ ਉਸਨੂੰ ਅਮਲ ਵਿੱਚ ਲਿਆਉਣ ਲਈ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਨਾਲ ਇੱਕ ਟੀਮ ਵਜੋਂ ਕੰਮ ਕਰਨ। ਹਾਜ਼ਰੀਨ ਨੂੰ ਸੋਸ਼ਲ ਅਤੇ ਡਿਜੀਟਲ ਮੀਡੀਆ ਰਾਹੀਂ ਵਿਦਿਆਰਥੀਆਂ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਗਿਆ। ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਸੁਧਾਈ- ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਮੁਹਿੰਮ, ਵੋਟਰ ਸੂਚੀ ਦੇ ਵੇਰਵਿਆਂ ਵਿੱਚ ਸੁਧਾਰ ’ਤੇ ਜ਼ੋਰ ਦਿੱਤਾ ਗਿਆ। ਵੱਖ-ਵੱਖ ਯੂਨੀਵਰਸਿਟੀਆਂ ਅਤੇ ਬੋਰਡਾਂ ਦੇ ਨੁਮਾਇੰਦਿਆਂ ਨੇ ਇਸ ਮੁਹਿੰਮ ਰਾਹੀਂ ਅਜੇ ਤੱਕ ਵੋਟਰ ਵਜੋਂ ਦਰਜ ਨਾ ਹੋਏ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਦੇ ਸਬੰਧ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਆਈ.ਟੀ. ਅਤੇ ਸੋਸ਼ਲ ਮੀਡੀਆ ਟੀਮ ਨੇ ਵੋਟਰ ਹੈਲਪਲਾਈਨ ਐਪ ਬਾਰੇ ਜਾਣਕਾਰੀ ਦਿੱਤੀ। ਇਹ ਇੱਕ ਵਿਆਪਕ ਐਪ ਹੈ ਜਿਸ ਵਿੱਚ ਵੋਟਰ ਰਜਿਸਟ੍ਰੇਸ਼ਨ ਅਤੇ ਸੋਧ ਲਈ ਫਾਰਮ, ਡਿਜੀਟਲ ਫੋਟੋ ਵੋਟਰ ਸਲਿੱਪਾਂ ਨੂੰ ਡਾਉਨਲੋਡ ਕਰਨਾ, ਸ਼ਿਕਾਇਤਾਂ ਦਾਇਰ ਕਰਨਾ, ਚੋਣ ਲੜ ਰਹੇ ਉਮੀਦਵਾਰਾਂ ਬਾਰੇ ਵੇਰਵੇ ਲੱਭਣਾ ਅਤੇ ਸਭ ਤੋਂ ਮਹੱਤਵਪੂਰਨ, ਚੋਣਾਂ ਦੇ ਅਸਲ-ਸਮੇਂ ਦੇ ਨਤੀਜੇ ਦੇਖਣਾ ਆਦਿ ਵਿਸ਼ੇਸ਼ਤਾਵਾਂ ਉਪਲੱਬਧ ਹਨ। ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ ਸ੍ਰੀਮਤੀ ਮਾਧਵੀ ਕਟਾਰੀਆ ਨੇ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਹੈਲਪਲਾਈਨ ਐਪ ਦੀ ਵਰਤੋਂ ਯਕੀਨੀ ਬਣਾਉਂਦਿਆਂ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਲਈ ਸਰਗਰਮ ਭੂਮਿਕਾ ਨਿਭਾਉਣ ਵਾਸਤੇ ਪ੍ਰੇਰਿਤ ਕੀਤਾ। ਪ੍ਰਤੀਨਿਧੀਆਂ ਨੂੰ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀਆਂ ਵੱਖ-ਵੱਖ ਆਈਟੀ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ ਗਿਆ। ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਨੇ ਸਾਰੇ ਯੋਗ ਵਿਦਿਆਰਥੀਆਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਹਨ। ਇਸ ਤੋਂ ਪਹਿਲਾਂ ਸੀ.ਈ.ਓ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਯੂਨੀਵਰਸਿਟੀਆਂ ਅਤੇ ਉਨਾਂ ਦੇ ਸਾਰੇ ਸਬੰਧਤ ਕਾਲਜਾਂ ਵਿੱਚ ਆਨਲਾਈਨ ਦਾਖਲੇ ਦੀ ਪ੍ਰਕਿਰਿਆ ‘ਚ ਵੋਟਰ ਰਜਿਸਟ੍ਰੇਸ਼ਨ ਨੂੰ ਪੂਰਵ-ਲੋੜੀਂਦੇ ਦਸਤਾਵੇਜ਼ਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਵੋਟਰ ਵਜੋਂ ਅਜੇ ਦਰਜ ਨਾ ਹੋਏ ਵਿਦਿਆਰਥੀਆਂ ਨੂੰ ਪਹਿਲਾਂ, ਆਨਲਾਈਨ ਦਾਖਲਾ ਫਾਰਮਾਂ ਵਿੱਚ ਸ਼ਾਮਲ ਕੀਤੇ ਗਏ ਫਾਰਮ-6 (ਵੋਟਰ ਵਜੋਂ ਦਰਜ ਹੋਣ ਲਈ) ਨੂੰ ਭਰਨ ਸਬੰਧੀ ਕਿਹਾ ਗਿਆ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ, ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ, ਚੰਡੀਗੜ, ਡੀਪੀਆਈ ਕਾਲਜਾਂ ਅਤੇ ਡੀਪੀਆਈ ਸਕੂਲਾਂ ਦੇ ਸੀਨੀਅਰ ਨੁਮਾਇੰਦੇ ਹਾਜ਼ਰ ਸਨ।
Boota Singh Basi
President & Chief Editor