ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ‘ਚ ਚੱਲ ਰਿਹਾ ਰੇਤ ਮਾਫ਼ੀਆ ਦਾ ਕਾਰੋਬਾਰ- ਰਾਘਵ ਚੱਢਾ

0
298

* ਜੰਗਲਾਤ ਅਧਿਕਾਰੀ ਵੱਲੋਂ ਚਿੱਠੀ ਲਿਖਣ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ, ਚੰਨੀ ਸਰਕਾਰ ਨੇ ਉਲਟਾ ਉਸੇ ਅਧਿਕਾਰੀ ਦੀ ਬਦਲੀ ਕਰ ਦਿੱਤੀ

ਚੰਡੀਗੜ੍ਹ (ਸਾਂਝੀ ਸੋਚ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ਵਿੱਚ ਚੱਲ ਰਹੇ ਰੇਤ ਮਾਫ਼ੀਆ ਦੇ ਗ਼ੈਰਕਾਨੂੰਨੀ ਕਾਰੋਬਾਰ ਦਾ ਮੀਡੀਆ ਸਾਹਮਣੇ ਪਰਦਾਫਾਸ਼ ਕੀਤਾ। ਸ਼ਨੀਵਾਰ ਨੂੰ ਚੱਢਾ ਚਮਕੌਰ ਸਾਹਿਬ ਵਿਧਾਨ ਸਭਾ ਦੇ ਜਿੰਦਾਪੁਰ ਪਿੰਡ ਪਹੁੰਚੇ ਅਤੇ ਬਹੁਤ ਦਿਨਾਂ ਤੋਂ ਬੇਰੋਕ-ਟੋਕ ਚੱਲ ਰਹੇ ਰੇਤ ਮਾਫ਼ੀਆ ਦੀ ਖੱਡ ’ਤੇ ਛਾਪਾ ਮਾਰਿਆ। ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਿਹਾ ਸੀ, ‘‘ਰੇਤ ਮਾਫ਼ੀਆ ਮੇਰੇ ਕੋਲ ਨਾ ਆਵੇ। ਮੈਂ ਰੇਤ ਮਾਫ਼ੀਆ ਦਾ ਮੁੱਖ ਮੰਤਰੀ ਨਹੀਂ ਹਾਂ।’’ ਪਰ ਮੁੱਖ ਮੰਤਰੀ ਬਣਦੇ ਹੀ ਉਹ ਆਪਣੇ ਵਾਅਦੇ ਤੋਂ ਪਲਟ ਗਏ। ਉਨ੍ਹਾਂ ਰੇਤ ਮਾਫ਼ੀਆ ਨਾਲ ਹੱਥ ਮਿਲਾ ਲਏ। ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ਵਿੱਚ ਹੀ ਰੇਤ ਮਾਫ਼ੀਆ ਖ਼ੁਦ ਉਨ੍ਹਾਂ ਦੇ ਖੇਤਰ ਵਿੱਚ ਕਾਰੋਬਾਰ ਚਲਾ ਰਿਹਾ ਹੈ। ਚੱਢਾ ਨੇ ਮੁੱਖ ਮੰਤਰੀ ਚੰਨੀ ’ਤੇ ਗ਼ਲਤ ਤਰੀਕੇ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਬਦਲੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ 22 ਨਵੰਬਰ 2021 ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਰਾਜਵੰਸ਼ ਸਿੰਘ ਨੇ ਇੱਥੋਂ ਦੇ ਐਸ.ਐਚ.ਓ ਅਤੇ ਤਹਿਸੀਲਦਾਰ ਨੂੰ ਚਿੱਠੀ ਲਿਖੀ ਸੀ ਕਿ ਜਿੰਦਾਪੁਰ ਪਿੰਡ ਦਾ ਇਹ ਖੇਤਰ ‘ਜੰਗਲ ਸੁਰੱਖਿਆ ਕਾਨੂੰਨ’ ਅਧੀਨ ਆਉਂਦਾ ਹੈ ਅਤੇ ਇੱਥੇ ਖਣਨ ਸੰਬੰਧੀ ਕੋਈ ਵੀ ਗਤੀਵਿਧੀ ਨਹੀਂ ਕੀਤੀ ਜਾ ਸਕਦੀ। ਚਿੱਠੀ ਲਿਖਣ ਦੇ ਅਗਲੇ ਹੀ ਦਿਨ 23 ਨਵੰਬਰ ਨੂੰ ਚੰਨੀ ਸਰਕਾਰ ਨੇ ਉਲਟਾ ਉਸ ਇਮਾਨਦਾਰ ਜੰਗਲਾਤ ਅਧਿਕਾਰੀ ਦੀ ਬਦਲੀ ਕਰ ਦਿੱਤੀ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਰੇਤ ਮਾਫ਼ੀਆ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਕੰਮ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਚੰਨੀ ਰੇਤ ਮਾਫ਼ੀਆ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇੱਥੋਂ ਰੋਜ਼ ਲਗਭਗ 800 ਤੋਂ 1000 ਟਰੱਕ ਰੇਤ ਦੇ ਗੈਰ ਕਾਨੂੰਨੀ ਢੰਗ ਨਾਲ ਕੱਢੇ ਜਾਂਦੇ ਹਨ। ਚੱਢਾ ਨੇ ਕਿਹਾ ਕਿ ਚੰਗੇ ਸਕੂਲ, ਚੰਗੇ ਹਸਪਤਾਲ ਬਣਾਉਣ ਅਤੇ ਲੋਕਾਂ ਨੂੰ ਵਿਸ਼ਵ ਪੱਧਰੀ ਸੇਵਾਵਾਂ ਦੇਣਾ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਦਾ ਵਿਕਾਸ ਮਾਡਲ ਹੈ। ਜਦੋਂ ਕਿ ਰੇਤ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਕਾਂਗਰਸ ਸਰਕਾਰ ਦਾ ਵਿਕਾਸ ਮਾਡਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਰੇਤ ਮਾਫ਼ੀਆ ਦਾ ਕਾਰੋਬਾਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਮਾਫ਼ੀਆ ਨੂੰ ਖ਼ਤਮ ਕਰ ਕੇ ਉਸੇ ਪੈਸੇ ਨਾਲ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਭੱਤਾ ਦੇਵੇਗੀ ਅਤੇ ਲੋਕਾਂ ਨੂੰ ਮੁਫ਼ਤ ‘ਚ ਵਿਸ਼ਵ ਪੱਧਰੀ ਸਿੱਖਿਆ ਅਤੇ ਇਲਾਜ ਸੇਵਾ ਪ੍ਰਦਾਨ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਐਡਵੋਕੇਟ ਦਿਨੇਸ਼ ਚੱਢਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here