ਮੁੱਖ ਮੰਤਰੀ ਭਗਵੰਤ ਮਾਨ ‘ਤੇ ਸੁਖਬੀਰ ਬਾਦਲ ਦੀ ਭੱਦੀ ਟਿੱਪਣੀ ‘ਆਪ’ ਨੇ ਕੀਤੀ ਨਿੰਦਾ, ਕਿਹਾ- ਇਹ ਹੈ ਉਨ੍ਹਾਂ ਦੀ ਬੁਖਲਾਹਟ ਦਾ ਸਬੂਤ -ਮਲਵਿੰਦਰ ਸਿੰਘ ਕੰਗ

0
151

ਆਮ ਘਰਾਂ ਦੇ ਲੋਕਾਂ ਦਾ ਮੰਤਰੀ-ਮੁੱਖ ਮੰਤਰੀ ਬਣਨਾ ਬਾਦਲ ਅਤੇ ਪ੍ਰਤਾਪ ਬਾਜਵੇ ਵਰਗੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ-ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ, 15 ਜੂਨ

ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੀਤੀ ਭੱਦੀ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਉਨ੍ਹਾਂ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਹ ਗੱਲਾਂ ਉਨ੍ਹਾਂ ਦੇ ਗੁੱਸੇ ਦਾ ਸਬੂਤ ਹਨ।

‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਵੀਰਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਸੁਖਬੀਰ ਬਾਦਲ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸੱਤਾ ‘ਚ ਰਹਿੰਦਿਆਂ ਜਨਤਾ ਦੇ ਟੈਕਸਾਂ ਦੇ ਪੈਸੇ ਨਾਲ ਅਰਬਾਂ-ਖਰਬਾਂ ਦੀ ਜਾਇਦਾਦ ਬਣਾਈ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਸਿਆਸਤ ਕਾਰਨ ਇਨ੍ਹਾਂ ਲੋਕਾਂ ਦੀ ਸੱਤਾ ਦੀ ਦੁਕਾਨ ਬੰਦ ਹੋ ਗਈ ਹੈ। ਇਸੇ ਲਈ ਇਹ ਲੋਕ ਘਬਰਾਹਟ ਵਿਚ ਅਜਿਹੀਆਂ ਬਿਨ੍ਹਾਂ ਸਿਰ-ਪੈਰ ਦੀਆਂ ਗੱਲਾਂ ਕਰ ਰਹੇ ਹਨ।

ਕੰਗ ਨੇ ਆਪਣੀ ਵੀਡੀਓ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਪ੍ਰਤਾਪ ਬਾਜਵਾ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵੀ ਮੋਬਾਈਲ ਚਾਰਜਰ ਕਹਿ ਕੇ ਮਜ਼ਾਕ ਉਡਾਇਆ ਸੀ ਅਤੇ ਹੁਣ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਿੰਨ ਕਰੋੜ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਸੁਖਬੀਰ ਬਾਦਲ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਇਹ ਬਹੁਤ ਹੀ ਨਿੰਦਣਯੋਗ ਹੈ।

ਅਸਲ ਵਿੱਚ ਇਹ ਧਨਾਢ ਅਤੇ ਜਾਗੀਰਦਾਰ ਰਾਜਸੀ ਪਰਿਵਾਰ ਗੱਦੀ ਨੂੰ ਆਪਣਾ ਜਨਮ-ਸਿੱਧ ਹੱਕ ਸਮਝਦੇ ਹਨ। ਇੱਕ ਸਾਧਾਰਨ ਕਿਸਾਨ ਪਰਿਵਾਰ ਅਤੇ ਇੱਕ ਅਧਿਆਪਕ ਦੇ ਪੁੱਤਰ ਦਾ ਮੁੱਖ ਮੰਤਰੀ ਬਣਨਾ ਇਨ੍ਹਾਂ ਨੂੰ ਪਚ ਨਹੀੰ ਰਿਹਾ। ਆਮ ਘਰਾਂ ਦੇ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬੇਹੱਦ ਨਿਰਾਸ਼ਾ ਵਿੱਚ ਡਿੱਗੇ ਇਹ ਲੋਕ ਗੁੱਸੇ ਵਿੱਚ ਆਪਣਾ ਮਾਨਸਿਕ ਸੰਤੁਲਨ ਗੁਆ ​​ਚੁੱਕੇ ਹਨ।

ਕੰਗ ਨੇ ਕਾਂਗਰਸ ਅਤੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਅਤੇ ਨਿਹੱਥੀ ਸਿੱਖ ਸੰਗਤ ‘ਤੇ ਗੋਲੀਆਂ ਚਲਾਉਣ ਵਾਲੇ ਅੱਜ ਆਪਣੀ ਸਿਆਸੀ ਦੁਕਾਨਦਾਰੀ ਬਚਾਉਣ ਲਈ ਇਕੱਠੇ ਹੋਏ ਹਨ। ਪਰ ਇਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਹੀ ਹੋਣਾ ਹੈ।

LEAVE A REPLY

Please enter your comment!
Please enter your name here