6635 ਈ.ਟੀ.ਟੀ. ਅਸਾਮੀਆਂ ਦੇ ਰਹਿੰਦੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਦੀ ਮੰਗ
ਸੰਗਰੂਰ, 21 ਫਰਵਰੀ, 2023: ਪਿਛਲੇ ਲੰਮੇ ਸਮੇਂ ਤੋਂ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਸੀ, ਇਸ ਲਈ ਅੱਜ ਬੇਰੁਜ਼ਗਾਰ ਅਧਿਆਪਕ ਵੇਕਰਾ ਮਿਲਕ ਪਲਾਂਟ ਦੇ ਕੋਲ ਇਕੱਠੇ ਹੋਏ ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਦੇ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ ਤੱਕ ਮਾਰਚ ਕੀਤਾ ਤੇ ਪੁਲਿਸ ਵਲੋਂ ਭਾਰੀ ਫੋਰਸ ਲਗਾ ਕੇ ਬੇਰੁਜਗਾਰਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਤੇ ਜਦੋਂ ਬੇਰੁਜ਼ਗਾਰ ਅਧਿਆਪਕ ਅੱਗੇ ਵੱਧਣ ਲੱਗੇ ਤਾਂ ਪੁਲਿਸ ਦੀ ਬੇਰੁਜ਼ਗਾਰ ਅਧਿਆਪਕਾਂ ਨਾਲ ਝੜਪ ਹੋਈ ।
ਇਸ ਸਬੰਧੀ ਗੱਲਬਾਤ ਕਰਦਿਆਂ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਮਨੀ ਸੰਗਰੂਰ, ਰਾਜਵੀਰ ਕੌਰ ਮਾਨਸਾ, ਜਸਪ੍ਰੀਤ ਕੌਰ ਮਾਨਸਾ ਨੇ ਦੱਸਿਆ ਕਿ ਸਿੱਖਿਆ ਵਿਭਾਗ (ਪ੍ਰਾਇਮਰੀ) ਨੂੰ ਈ.ਟੀ.ਟੀ ਦੀਆਂ 6635 ਅਸਾਮੀਆਂ ਦੀ ਭਰਤੀ ਪ੍ਰਕ੍ਰਿਆ ਨੂੰ ਜਲਦ ਨੇਪਰੇ ਚਾੜਨ ਲਈ ਉਡੀਕ ਸੂਚੀ ਅਤੇ ਡੀ- ਰਿਜ਼ਰਵ ਸੂਚੀ ਦੇ ਸਾਰੇ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨੇ ਚਾਹਿੰਦੇ ਹਨ। ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਦੇ ਦਫ਼ਤਰ ਭਰਤੀ ਸੈੱਲ ਅਤੇ ਡੀ.ਪੀ.ਆਈ. (ਪ੍ਰਾਇਮਰੀ) ਦੇ ਉੱਚ ਅਧਿਕਾਰੀਆਂ ਨੂੰ ਤੇਜ਼ੀ ਲਿਆਉਣ ਅਤੇ ਬਣਦੀ ਜਿੰਮੇਵਾਰੀ ਨਿਭਾਉਣ ਦੀ ਲੋੜ ਹੈ, ਤਾਂ ਜੋ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਖਾਲੀ ਹਜ਼ਾਰਾਂ ਅਸਾਮੀਆਂ ਕਾਰਨ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਕੋਈ ਪੂਰਤੀ ਹੋ ਸਕੇ।
ਇਸ ਮੌਕੇ ਨਿਰਮਲ ਜ਼ੀਰਾ, ਸਲਿੰਦਰ ਕੰਬੋਜ਼, ਰਵਿੰਦਰ ਅਬੋਹਰ, ਜਰਨੈਲ ਨਾਗਰਾ ਨੇ ਦੱਸਿਆ ਕਿ ਸਿੱਖਿਆ ਮੰਤਰੀ, ਡੀ.ਜੀ.ਐੱਸ.ਸੀ. ਅਤੇ ਡੀ.ਪੀ.ਆਈ. (ਪ੍ਰਾਇਮਰੀ) ਵੱਲੋਂ ਉਨ੍ਹਾਂ ਨਾਲ਼ ਕੀਤਿਆਂ ਮੀਟਿੰਗਾਂ ਵਿੱਚ ਵੀ ਇਸ ਭਰਤੀ ਨਾਲ਼ ਸਬੰਧਿਤ ਉਡੀਕ ਸੂਚੀ ਅਤੇ ਡੀ-ਰਿਜ਼ਰਵ ਸੂਚੀ ਨੂੰ ਸਹੀ ਨਿਯਮਾਂ ਅਨੁਸਾਰ ਜਨਤਕ ਕਰਨ ਅਤੇ ਰਹਿੰਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ, ਪ੍ਰੰਤੂ ਹਾਲੇ ਤੱਕ ਇਹ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ ਹੈ। ਜਿਸ ਕਾਰਨ ਸੰਬੰਧਿਤ ਬੇਰੁਜ਼ਗਾਰ ਅਧਿਆਪਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ।