ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜੇ ਟੈਂਕੀ ਤੇ ਡਟੇ ਇੰਦਰਜੀਤ ਸਿੰਘ ਮਾਨਸਾ ਵੱਲੋਂ ਨਵੇਂ ਆਰਡਰ ਲੈਣ ਤੋਂ ਨਾਂਹ

0
273

ਸੀਐੱਸਆਰ ਰੂਲਜ਼ ਤਹਿਤ ਰੈਗੂਲਰ ਕਰਨ ਤੱਕ ਸੰਘਰਸ਼ ਜਾਰੀ ਰੱਖਾਂਗੇ: ਇੰਦਰਜੀਤ ਸਿੰਘ ਮਾਨਸਾ

ਕੱਚੇ ਅਧਿਆਪਕਾਂ ਵੱਲੋਂ 30 ਜੁਲਾਈ ਨੂੰ ਆਰਡਰਾਂ ਦੀਆਂ ਕਾਪੀਆਂ ਫੂਕਣ ਦਾ ਫੈਸਲਾ: ਇੰਦਰਜੀਤ ਮਾਨਸਾ

ਪੰਜਾਬ ਸਰਕਾਰ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਝੂਠਾ ਪ੍ਰਚਾਰ ਕਰ ਰਹੀ ਹੈ: ਰਘਵੀਰ ਸਿੰਘ ਭਵਾਨੀਗੜ੍ਹ

ਪੱਕੇ ਨਹੀਂ ਕੀਤੇ ਸਿਰਫ਼ ਤਨਖ਼ਾਹਾਂ ‘ਚ ਮਾਮੂਲੀ ਵਾਧਾ ਹੋਇਆ: ਭਵਾਨੀਗੜ੍ਹ

ਸੰਗਰੂਰ, 28 ਜੁਲਾਈ, 2023: ਪੰਜਾਬ ਸਰਕਾਰ ਵੱਲੋਂ ਅੱਜ ਭਾਵੇਂ 28 ਜੁਲਾਈ ਨੂੰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਆਰਡਰ ਜਾਰੀ ਕੀਤੇ ਜਾ ਰਹੇ ਹਨ ਪਰ ਪਿਛਲੇ ਡੇਢ ਮਹੀਨੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜਲੇ ਪਿੰਡ ਖੁਰਾਣਾ ਵਿਖੇ ਪਾਣੀ ਦੀ ਟੈਂਕੀ ਉੱਪਰ ਡਟੇ ਮਾਨਸਾ ਦੇ ਇੰਦਰਜੀਤ ਸਿੰਘ ਨੇ ਆਪਣੇ ਆਰਡਰ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਪੇ ਸਕੇਲ , ਬਣਦੇ ਭੱਤੇ, ਸੀਐੱਸਆਰ ਰੂਲਜ਼ ਤਹਿਤ ਪੱਕੇ ਆਰਡਰ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਉਹ ਟੈਂਕੀ ਉੱਪਰ ਹੀ ਡਟਿਆ ਰਹੇਗਾ।

ਅੱਜ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਸੀਐੱਸਆਰ ਰੂਲਜ਼ ਤਹਿਤ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਿਰਫ਼ ਤਨਖਾਹਾਂ ਵਿੱਚ ਵਾਧਾ ਕਰ ਕੇ ਹੀ ਆਰਡਰ ਦਿੱਤੇ ਜਾ ਰਹੇ ਹਨ। ਉਸ ਨੇ ਦੋਸ਼ ਲਾਇਆ ਕਿ ਸਰਕਾਰ ਕੱਚੇ ਅਧਿਆਪਕਾਂ ਦਾ ਨਾਮ ਵਰਤ ਕੇ ਆਪਣੀ ਫੋਕੀ ਬੱਲੇ-ਬੱਲੇ ਕਰਵਾ ਰਹੀ ਹੈ। ਇੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਉਸ ਨੇ ਆਰਡਰ ਲੈ ਲਏ ਤਾਂ ਕੱਚੇ ਅਧਿਆਪਕਾਂ ਦਾ ਸੰਘਰਸ਼ ਖਤਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਵੇਂ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਸੰਘਰਸ਼ ਕਰ ਰਹੇ ਉਨ੍ਹਾਂ ਦੇ ਸਾਰੇ ਸਾਥੀ ਅਧਿਆਪਕ ਸਾਥੀ ਅੱਜ ਆਰਡਰ ਲੈ ਲੈਣਗੇ ਪਰ ਮੰਗਾਂ ਦੀ ਪ੍ਰਾਪਤੀ ਤੱਕ ਸਾਰੇ ਕੱਚੇ ਅਧਿਆਪਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਐਲਾਨ ਕੀਤਾ ਕਿ 30 ਜੁਲਾਈ ਨੂੰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਆਰਡਰਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਅਤੇ ਟੈਂਕੀ ਹੇਠਾਂ ਚੱਲ ਰਿਹਾ ਪੱਕਾ ਮੋਰਚਾ ਵੀ ਲਗਾਤਾਰ ਜਾਰੀ ਰਹੇਗਾ।

ਉੱਧਰ ਇਸ ਸੰਬੰਧੀ ਗੱਲਬਾਤ ਕਰਦਿਆਂ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਨਵੇਂ ਬਦਲਾਅ ਵਾਲੀ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਝੂਠ ਨੂੰ ਸੱਚ ਦਿਖਾਉਣ ਵਿਚ ਲੱਗਿਆ ਹੋਇਆ ਹੈ (ਬਿਨਾ ਪੱਕੀ ਨੌਕਰੀ ਦੇ ਪੂਰੇ ਲਾਭ ਦਿੱਤਿਆਂ ਕੇਵਲ ਤਨਖਾਹ ਦੇ ਵਾਧੇ ਨੂੰ ਹੀ ਕੱਚੇ ਅਧਿਆਪਕਾਂ ਦੀ ਰੈਗੂਲਰਾਇਜੇਸ਼ਨ ਦੱਸ ਰਹੇ ਹਨ ਤਾਂ ਫੇਰ 1 ਜੁਲਾਈ ਨੂੰ ਪੁਲਿਸ ਤੋਂ ਆਪਣੀਆਂ ਪੱਗਾਂ ਲਹਾਉਣ ਅਤੇ ਪੁੜੇ ਸਕਾਉਣ ਵਾਲੇ ਕੱਚੇ ਅਧਿਆਪਕ ਪਿੰਡ ਖੁਰਾਣਾ (ਸੰਗਰੂਰ) ਦੀ ਟੈਂਕੀ ‘ਤੇ ਪਿਛਲੇ 45 ਦਿਨ ਤੋਂ ਕਿਉਂ ਬੈਠੇ ਹਨ?? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਸਿਰਫ਼ ਝੂਠਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਢੇ 12 ਹਜ਼ਾਰ ਕੱਚੇ ਅਧਿਆਪਕਾਂ ਦੀਆਂ ਸਿਰਫ਼ ਤਨਖ਼ਾਹਾਂ ਵਧਾਈਆਂ ਹਨ, ਇਸ ਫ਼ੈਸਲੇ ਨੂੰ ਸੇਵਾਵਾਂ ਪੱਕੀਆਂ ਹੋਣਾ ਤਾਂ ਮੰਨਿਆ ਜਾ ਸਕੇਗਾ ਜੇਕਰ ਪੰਜਾਬ ਸਰਕਾਰ ਇਨਾਂ ਅਧਿਆਪਕਾਂ ਨੂੰ ਬਾਕੀ ਪੱਕੇ ਅਧਿਆਪਕਾਂ ਵਾਂਗ, ਸਾਰੇ ਭੱਤੇ, ਪੂਰੀਆਂ ਤਨਖਾਹਾਂ ਸਮੇਤ ਬਾਕੀ ਸਾਰੀਆਂ ਸਹੂਲਤਾਂ ਦੇਵੇ ਅਤੇ ਅਤੇ ਇਨ੍ਹਾਂ ਤੇ ਸਾਰੇ ਸਿਵਲ ਸਰਵਿਸਿਜ਼ ਰੂਲਜ਼ ਲਾਗੂ ਕੀਤੇ ਜਾਣ।

LEAVE A REPLY

Please enter your comment!
Please enter your name here