ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਅਤੇ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕਿਆਂ ਦੇ ਆਪ ਆਗੂਆਂ ਨਾਲ ਕੀਤੀ ਮੀਟਿੰਗ
ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ, ਵਿਧਾਇਕ, ਪਾਰਟੀ ਅਹੁਦੇਦਾਰ ਅਤੇ ਚੇਅਰਮੈਨ ਰਹੇ ਹਾਜ਼ਰ
ਮੁੱਖ ਮੰਤਰੀ ਮਾਨ ਨੇ ਦੋਵੇਂ ਲੋਕ ਸਭਾ ਹਲਕਿਆਂ ਅਧੀਨ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਕਾਰਜਾਂ ਬਾਰੇ ਪਾਰਟੀ ਆਗੂਆਂ ਨਾਲ ਕੀਤੀ ਵਿਸਥਾਰ ਚਰਚਾ
ਚੰਡੀਗੜ੍ਹ, 10 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅੰਮ੍ਰਿਤਸਰ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕ ਸਭਾ ਚੋਣਾਂ ਅਤੇ ਇਲਾਕੇ ਦੇ ਹੋਰ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ।
ਮੀਟਿੰਗ ਵਿੱਚ ਦੋਵੇਂ ਲੋਕ ਸਭਾ ਹਲਕਿਆਂ ਦੇ ਉਮੀਦਵਾਰ ਅਤੇ ਹਲਕਿਆਂ ਅਧੀਨ ਆਉਂਦੇ ਸਾਰੇ ਵਿਧਾਇਕ, ਪਾਰਟੀ ਅਹੁਦੇਦਾਰ ਅਤੇ ਚੇਅਰਮੈਨ ਵੀ ਹਾਜ਼ਰ ਸਨ। ਪਾਰਟੀ ਭਾਵੇਂ ਅੰਮ੍ਰਿਤਸਰ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਚੋਣਾਂ ਹਾਰ ਗਈ, ਪਰ ਦੋਵੇਂ ਲੋਕ ਸਭਾ ਹਲਕਿਆਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਕਾਫ਼ੀ ਬਿਹਤਰ ਰਹੀ ਹੈ।
ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਪਾਰਟੀ ਆਗੂਆਂ ਅਤੇ ਵਿਧਾਇਕਾਂ ਨੂੰ ਇਲਾਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦਿਆਂ ਜ਼ਮੀਨੀ ਪੱਧਰ ‘ਤੇ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਚੋਣਾਂ ਦੌਰਾਨ ‘ਆਪ’ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਲਗਨ ਲਈ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਵਰਕਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ।
ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਅਤੇ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਅੰਮ੍ਰਿਤਸਰ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕਿਆਂ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਸਾਰੇ ਹੀ ਵਿਧਾਇਕ, ਚੇਅਰਮੈਨ, ਅਹੁਦੇਦਾਰ ਤੇ ਵਲੰਟੀਅਰ ਸ਼ਾਮਿਲ ਹੋਏ। ਸਾਰਿਆਂ ਨਾਲ ਹਲਕਿਆਂ ਨੂੰ ਲੈ ਕੇ ਕੱਲੀ-ਕੱਲੀ ਗੱਲ ‘ਤੇ ਚਰਚਾ ਹੋਈ। ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਰੁਕੇ ਵਿਕਾਸ ਕੰਮਾਂ ਨੂੰ ਹੋਰ ਤੇਜ਼ੀ ਨਾਲ ਕਰਾਉਣ ਨੂੰ ਕਿਹਾ।