ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ

0
17
ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ, ਕਿਹਾ- ਲੋਕ ‘ਆਪ’ ਨੂੰ ਇੱਕ ਹੋਰ ਇਤਿਹਾਸਕ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ

ਪੰਜਾਬ ਦੇ 59% ਖੇਤਾਂ ਨੂੰ ਮਿਲ ਰਿਹਾ ਹੈ ਨਹਿਰੀ ਪਾਣੀ, ਕਿਸਾਨਾਂ ਨੂੰ ਦਿਨ ਦੇ ਸਮੇਂ ਬਿਨਾਂ ਕੱਟ ਤੋਂ ਮਿਲ ਰਹੀ ਹੈ ਬਿਜਲੀ, 4 ਜੂਨ ਤੋਂ ਬਾਅਦ ਪੰਜਾਬ ਮੁੜ ਬਣੇਗਾ ‘ਸੋਨੇ ਦੀ ਚਿੜੀ’ : ਭਗਵੰਤ ਮਾਨ

ਅਸੀਂ ਵਾਅਦੇ ਤੋਂ ਵੱਧ ਕੰਮ ਕੀਤੇ, ਮੈਂ 16 ਟੋਲ ਪਲਾਜ਼ੇ ਬੰਦ ਕੀਤੇ, ਜਿਸ ਕਰਕੇ ਪੰਜਾਬ ਦੇ ਲੋਕਾਂ ਦੀ ਰੋਜ਼ਾਨਾ ਕਰੀਬ 60 ਲੱਖ ਰੁਪਏ ਦੀ ਹੋ ਰਹੀ ਹੈ ਬੱਚਤ – ਭਗਵੰਤ ਮਾਨ

ਭਗਵੰਤ ਮਾਨ ਨੇ ਰਵਨੀਤ ਬਿੱਟੂ ਨੂੰ ਲਿਆ ਆੜੇ ਹੱਥੀ, ਬਿੱਟੂ 10 ਸਾਲਾਂ ਤੋਂ ਸਰਕਾਰੀ ਘਰ ‘ਚ ਮੁਫ਼ਤ ਵਿਚ ਰਹਿ ਰਿਹਾ ਸੀ, ਅਸੀਂ 1 ਕਰੋੜ 84 ਲੱਖ ਰੁਪਏ ਵਸੂਲੇ, ਬਿੱਟੂ ਵਰਗੇ ਆਗੂਆਂ ਦਾ ਕੋਈ ਸਟੈਂਡ ਨਹੀਂ

ਭਗਵੰਤ ਮਾਨ ਨੇ ਬੀਜੇਪੀ ਅਤੇ ਅਕਾਲੀ ਦਲ ‘ਤੇ ਲਈ ਚੁਟਕੀ, ਕਿਹਾ- ਇਨ੍ਹਾਂ ਦੀ ਦੋਸਤੀ ਕੱਛੂ-ਚੂਹੇ ਦੀ ਦੋਸਤੀ ਵਰਗੀ ਹੈ, ਇੱਕ ਦੂਜੇ ਨੂੰ ਮਰਵਾ ਦੇਣਗੇ

‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਲੋਕਾਂ ਨੂੰ ਕੀਤੀ ਅਪੀਲ, ਤੁਸੀਂ ਮੈਨੂੰ ਆਪਣਾ ਸਮਰਥਨ ਦਿਓ ਤਾਂ ਜੋ ਉਹ ਮੁੱਖ ਮੰਤਰੀ ਮਾਨ ਲਈ ਇਹ ਸੀਟ ਵੱਡੇ ਫ਼ਰਕ ਨਾਲ ਜਿੱਤ ਸਕਣ

ਲੁਧਿਆਣਾ/ਚੰਡੀਗੜ੍ਹ, 14 ਮਈ

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਜੋਧਾਂ ‘ਚ ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਦੱਸ ਸਕਦੇ ਹਨ ਕਿ ਪੰਜਾਬ ਦੇ ਲੋਕ ‘ਆਪ’ ਨੂੰ ਇੱਕ ਹੋਰ ਇਤਿਹਾਸਕ ਫ਼ਤਵਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੈਂ ਚੋਣ ਪ੍ਰਚਾਰ ਲਈ ਜਿੱਥੇ ਵੀ ਜਾ ਰਿਹਾ ਹਾਂ, ਮੈਨੂੰ ਹਰ ਪਾਸੇ ਲੋਕਾਂ ਦਾ ਭਰਵਾਂ ਹੁੰਗਾਰਾ ਅਤੇ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਿੰਗ ਮਸ਼ੀਨ ਦੀ ਆਵਾਜ਼ ਪੰਜਾਬ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਆਖ਼ਰੀ ਚੀਕ ਵਾਂਗ ਹੋਵੇਗੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇਸ ਸਮੇਂ ਵੀ ਉਨ੍ਹਾਂ ਦਾ ਰੋਡ ਸ਼ੋਅ ਲੋਕਾਂ ਨਾਲ ਭਰਿਆ ਹੋਇਆ ਹੈ, ਇਸ ਪਿਆਰ ਦਾ ਕਰਜ਼ਾ ਉਹ ਕਦੇ ਵੀ ਨਹੀਂ ਚੁਕਾ ਸਕਦੇ। ਦੂਜੇ ਪਾਸੇ ਲੋਕ ਦੂਜੇ ਸਿਆਸਤਦਾਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੀਆਂ ਉਂਗਲਾਂ ਗਿਣਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਅਸੀਂ ਪਿੰਡਾਂ ਅਤੇ ਸਰਕਾਰੀ ਸਕੂਲਾਂ ਵਿਚੋਂ ਪੜ੍ਹ ਕੇ ਆਏ ਹਾਂ। ਮੈਂ ਤੁਹਾਡੇ ਦਰਦ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਦੋ ਸਾਲਾਂ ‘ਚ 43000 ਸਰਕਾਰੀ ਨੌਕਰੀਆਂ ਦਿੱਤੀਆਂ, ਤੁਹਾਡੇ ਧੀ-ਪੁੱਤਰ ਬਿਨਾਂ ਰਿਸ਼ਵਤ ਜਾਂ ਸਿਫ਼ਾਰਿਸ਼ ਤੋਂ ਐਸਡੀਓ, ਪਟਵਾਰੀ ਤੇ ਅਫ਼ਸਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਕਾਰੋਬਾਰ ਵਿੱਚ ਹਿੱਸਾ ਮੰਗਦੇ ਸਨ, ਮੈਂ ਸਿਰਫ਼ 3 ਕਰੋੜ ਪੰਜਾਬੀਆਂ ਦਾ ਦਰਦ ਸਾਂਝਾ ਕਰਨਾ ਚਾਹੁੰਦਾ ਹਾਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ‘ਚ ਲੋਕਾਂ ਨੇ ’25 ਮਈ, ਭਾਜਪਾ ਗਈ’ ਅਤੇ ‘ਭਾਜਪਾ ਦਾ ਬੁਰਾ ਹਾਲ, ਬਾਹਰ ਆ ਗਿਆ ਕੇਜਰੀਵਾਲ’ ਦੇ ਨਾਅਰੇ ਲਗਾਏ ਹਨ।  ਉਨ੍ਹਾਂ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ 16 ਮਈ ਨੂੰ ਪੰਜਾਬ ਆਉਣਗੇ ਅਤੇ ਇੱਥੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਉਹ ਪਹਿਲਾਂ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਮੱਥਾ ਟੇਕਣਗੇ, ਫਿਰ ਉੱਥੇ ਮੇਰੇ ਨਾਲ ਰੋਡ ਸ਼ੋਅ ਕਰਨਗੇ।

ਭਗਵੰਤ ਮਾਨ ਨੇ ਕਿਹਾ ਕਿ ਕਿਸੇ ਸੂਬੇ ਦੇ ਵਿਕਾਸ ਲਈ ਸਭ ਦਾ ਵਿਕਾਸ ਜ਼ਰੂਰੀ ਹੈ, ਉਹ ਚਾਹੁੰਦੇ ਹਨ ਕਿ ਕਿਸਾਨ, ਵਪਾਰੀ, ਮਜ਼ਦੂਰ ਆਦਿ ਹਰ ਕੋਈ ਖ਼ੁਸ਼ ਹੋਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦਾ ਬਣਦਾ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ‘ਚ ਦੋ ਸਾਲਾਂ ‘ਚ ਕੀਤੇ ਕੰਮਾਂ ਦੇ ਆਧਾਰ ‘ਤੇ ਵੋਟਾਂ ਮੰਗ ਰਿਹਾ ਹਾਂ, ਦਿੱਲੀ ‘ਚ ਅਸੀਂ ਆਪਣੇ 8 ਸਾਲਾਂ ਦੇ ਕੰਮ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਾਂ, ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਵੀ ਨਰਿੰਦਰ ਮੋਦੀ ਮੰਗਲ-ਸੂਤਰ ਅਤੇ ਧਰਮ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ। ਮਾਨ ਨੇ ਕਿਹਾ ਕਿ ਭਾਜਪਾ ਨਫਰਤ ਅਤੇ ਡਰ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਪੰਜਾਬ ਵਿੱਚ ਜੜ੍ਹਾਂ ਨਾ ਲਾਉਣ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ, ਅਸੀਂ ਗੁਰਪੁਰਬ, ਈਦ ਅਤੇ ਰਾਮਨੌਮੀ ਵਰਗੇ ਤਿਉਹਾਰ ਇਕੱਠੇ ਹੋ ਕੇ ਮਨਾਉਂਦੇ ਹਾਂ।

ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ 4 ਜੂਨ ਤੋਂ ਬਾਅਦ ‘ਆਪ’ ਕੇਂਦਰ ਸਰਕਾਰ ‘ਚ ਸਭ ਤੋਂ ਵੱਡੀ ਭਾਈਵਾਲ ਹੋਵੇਗੀ। ਪੰਜਾਬ ਦੇ 13 ਸੰਸਦ ਮੈਂਬਰ ਅਤੇ ਪਾਰਟੀ ਦਿੱਲੀ, ਗੁਜਰਾਤ, ਅਸਾਮ ਅਤੇ ਕੁਰੂਕਸ਼ੇਤਰ ਵਿੱਚ ਆਪਣੀਆਂ ਸੀਟਾਂ ਜਿੱਤ ਰਹੀ ਹੈ। ‘ਆਪ’ ਦੇ 30-40 ਸੰਸਦ ਮੈਂਬਰ ਹੋਣਗੇ ਤਾਂ ਕੋਈ ਵੀ ਪੰਜਾਬ ਦੇ ਫੰਡਾ ਨੂੰ ਰੋਕ ਨਹੀਂ ਸਕੇਗਾ।

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਸੀ, ਉਸ ‘ਚ ਵੀ ਕਈ ਘੰਟੇ ਬਿਜਲੀ ਨਹੀਂ ਆਉਂਦੀ ਸੀ, ਕਿਉਂਕਿ ਵੰਸ਼ਵਾਦੀ ਸਿਆਸਤਦਾਨਾਂ ਨੂੰ ਖੇਤੀ ਬਾਰੇ ਕੁਝ ਨਹੀਂ ਪਤਾ। ਪਰ ਸਰਕਾਰ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ 11 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਹਦਾਇਤ ਦਿੱਤੀ ਅਤੇ ਉਹ ਵੀ ਦਿਨ ਦੇ ਸਮੇਂ ਤਾਂ ਜੋ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਫ਼ਸਲਾਂ ਨੂੰ ਪਾਣੀ ਦੇ ਸਕਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਜਨਰੇਟਰਾਂ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਅਸੀਂ ਪੰਜਾਬ ਦੇ 59 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਦਿੱਤਾ ਹੈ। ਜਦੋਂ ਮੈਂ ਮਾਰਚ 2022 ਵਿੱਚ ਮੁੱਖ ਮੰਤਰੀ ਬਣਿਆ ਤਾਂ ਸਿਰਫ਼ 21 ਫ਼ੀਸਦੀ ਖੇਤਾਂ ਨੂੰ ਹੀ ਨਹਿਰੀ ਪਾਣੀ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਆਬਾ ਖੇਤਰ ਲਈ ਦੋ ਨਵੀਆਂ ਨਹਿਰਾਂ, ਇੱਕ ਮਾਲਵਾ ਨਹਿਰ ਅਤੇ ਇੱਕ ਧਾਰਕਲਾਂ ਤੋਂ ਬਣ ਰਹੀ ਹੈ, ਜਿਸ ਵਿੱਚ 206 ਮੈਗਾਵਾਟ ਦਾ ਡੈਮ ਵੀ ਹੈ। ਅਕਤੂਬਰ ਤੱਕ ਅਸੀਂ 70 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਦੇਵਾਂਗੇ, ਜਿਸ ਤੋਂ ਬਾਅਦ ਪੰਜਾਬ ਦੇ ਕਰੀਬ 6 ਲੱਖ ਟਿਊਬਵੈੱਲ ਬੇਕਾਰ ਹੋ ਜਾਣਗੇ।  ਫਿਰ ਸਰਕਾਰ ਨੂੰ ਲਗਭਗ 5000 ਤੋਂ 6000 ਕਰੋੜ ਰੁਪਏ ਦੀ ਬੱਚਤ ਹੋਵੇਗੀ।  ਉਸ ਪੈਸੇ ਨਾਲ ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ।

ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਪੂਰਾ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ ਅਤੇ ਹੁਣ ਇਸ ਨਾਲ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬੱਚਤ ਹੁੰਦੀ ਹੈ।  ਉਨ੍ਹਾਂ ਕਿਹਾ ਕਿ ਬੰਦ ਪਏ ਟੋਲ ਪਲਾਜ਼ਾ ਦੇ ਬੂਥਾਂ ਵਿੱਚ ਆਮ ਆਦਮੀ ਕਲੀਨਿਕ, ਵੇਰਕਾ ਬੂਥ ਅਤੇ ਬਾਥਰੂਮ ਖੋਲ੍ਹੇ ਜਾਣਗੇ, ਤਾਂ ਜੋ ਲੋਕਾਂ ਨੂੰ ਇਹ ਸਹੂਲਤਾਂ ਸੜਕ ‘ਤੇ ਆਸਾਨੀ ਨਾਲ ਮਿਲ ਸਕਣ।  ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਨ, ਉਹ ਤਾਨਾਸ਼ਾਹ ਭਾਜਪਾ ਅਤੇ ਕੇਂਦਰ ਦੇ ਖ਼ਿਲਾਫ਼ ਲੜ ਰਹੇ ਹਨ, ਉਹ ਰਾਜਪਾਲ ਖ਼ਿਲਾਫ਼ ਲੜ ਰਹੇ ਹਨ ਅਤੇ ਉਹ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ। ਮਾਨ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ 13 ਹੋਰ ਹੱਥ ਅਤੇ ਆਵਾਜ਼ਾਂ ਦੇ ਕੇ ਮਜ਼ਬੂਤ ਕਰਨ।

ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਕੱਛੂ ਅਤੇ ਚੂਹੇ ਦੀ ਦੋਸਤੀ ਹੈ, ਉਨ੍ਹਾਂ ਕਿਹਾ ਕਿ ਇਹ ਦੋਵੇਂ ਇੱਕ ਦੂਜੇ ਨਾਲ ਲੜ ਕੇ ਖ਼ਤਮ ਹੋ ਜਾਣਗੇ।  ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਕੁਝ ਹਫ਼ਤੇ ਪਹਿਲਾਂ ਉਹ ਭਾਜਪਾ ਤੋਂ ਗੱਠਜੋੜ ਦੀ ਭੀਖ ਮੰਗ ਰਹੇ ਸੀ। ਉਨ੍ਹਾਂ ਕਿਹਾ ਕਿ ਪਹਾੜਾਂ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਸੁਖਬੀਰ ਬਾਦਲ ਵਰਗੇ ਆਗੂ ਕਦੇ ਵੀ ਆਮ ਲੋਕਾਂ ਦੇ ਦਰਦ ਜਾਂ ਲੋੜਾਂ ਨੂੰ ਨਹੀਂ ਸਮਝ ਸਕਦੇ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਦਿਆਂ ਕਿਹਾ ਕਿ ਮੁਗ਼ਲ ਸਾਮਰਾਜ ਵੇਲੇ ਉਨ੍ਹਾਂ ਦਾ ਪਰਿਵਾਰ ਮੁਗ਼ਲਾਂ ਦੇ ਨਾਲ ਸਨ, ਅੰਗਰੇਜ਼ਾਂ ਦੇ ਵੇਲੇ ਉਹ ਅੰਗਰੇਜ਼ਾਂ ਦੇ ਨਾਲ ਸਨ,  ਅਤੇ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਹੁਣ ਕੈਪਟਨ ਭਾਜਪਾ ‘ਚ ਹਨ ਕਿਉਂਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਜੋ ਵੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਉਹ ਉਸਦੇ ਨਾਲ ਹੁੰਦੇ ਹਨ। ਮਾਨ ਨੇ ਰਵਨੀਤ ਬਿੱਟੂ ਨੂੰ ਵੀ ਘੇਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਆਗੂ ਬਿਨਾਂ ਸਟੈਂਡ ਦੇ ਹਨ।  ਉਹ ਗਲਤ ਤਰੀਕੇ ਨਾਲ ਸਰਕਾਰੀ ਘਰ ‘ਚ ਰਹਿ ਰਹੇ ਸੀ ਅਤੇ ਅਸੀਂ ਉਨ੍ਹਾਂ ਤੋਂ  1 ਕਰੋੜ 84 ਲੱਖ ਰੁਪਏ ਵਸੂਲ ਲਏ ਹਨ, ਹੁਣ ਉਹ ਭਾਜਪਾ ਦਫ਼ਤਰ ‘ਚ ਸੌਂ ਰਹੇ ਹਨ। ਇਹਨਾਂ ਆਗੂਆਂ ਅਤੇ ਇਹਨਾਂ ਦੇ ਨਾਟਕਾਂ ਦੇ ਪਿੱਛੇ ਮੁੜ ਨਾ ਫਸਣਾ। ਉਹ ਪੰਜਾਬ ਨੂੰ ਲੁੱਟਣ ਲਈ ਹੀ ਆਏ ਹਨ।

ਉਨ੍ਹਾਂ ਨੇ  ਕਿਹਾ ਕਿ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਐਨੀ ਤਾਕਤ ਅਤੇ ਪ੍ਰਸਿੱਧੀ ਕਿਸੇ ਦਾ ਵੀ ਦਿਮਾਗ਼ ਖ਼ਰਾਬ ਕਰ ਸਕਦੀ ਹੈ, ਫੇਰ ਮੈਂ ਕਿਵੇਂ ਜ਼ਮੀਨ ‘ਤੇ ਜੁੜਿਆ ਹੋਇਆ ਹਾਂ, ਮੈਂ ਉਸ ਨੂੰ ਕਿਹਾ ਕਿ ਮੈਂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਮਸ਼ਹੂਰ ਸੀ, ਮੈਂ ਪ੍ਰਸਿੱਧੀ ਤੋਂ ਮੁਕਤ ਹਾਂ, ਪਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਜਾਣੂ ਹਾਂ। ਉਨ੍ਹਾਂ ਕਿਹਾ ਕਿ ਸਾਡੇ ਆਜ਼ਾਦੀ ਘੁਲਾਟੀਆਂ ਨੇ ਇਸ ਵੋਟ ਦੇ ਅਧਿਕਾਰ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਇਸ ਲਈ ਇਸ ਦੀ ਵਰਤੋਂ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਕਰੋ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਹੁਕਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਫ਼ੋਟੋਆਂ ਸਰਕਾਰੀ ਦਫ਼ਤਰਾਂ ਵਿੱਚ ਲਗਾਉਣ ਦਾ ਸੀ।

ਲੁਧਿਆਣਾ ਤੋਂ ਆਪ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਜੋਧਾਂ ਦੇ ਲੋਕਾਂ ਵਿੱਚ ਪਹੁੰਚਣ ਲਈ ਸੀਐਮ ਮਾਨ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਮਿਲਕੇ ਸੀਐਮ ਮਾਨ ਨੂੰ ਇਹ ਸੀਟ ਭਾਰੀ ਵੋਟਾਂ ਨਾਲ ਜਿੱਤ ਕੇ ਦੇ ਸਕਣ।

LEAVE A REPLY

Please enter your comment!
Please enter your name here