ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੌਮੀ ਯੁਵਾ ਦਿਵਸ ਮੌਕੇ ਯੂਥ ਕਲੱਬਾਂ ਨੂੰ ਤੋਹਫ਼ਾ

0
88
ਯੁਵਕ ਸੇਵਾਵਾਂ ਮੰਤਰੀ ਮੀਤ ਹੇਅਰ ਨੇ 315 ਯੂਥ ਕਲੱਬਾਂ ਨੂੰ 1.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ
ਮੀਤ ਹੇਅਰ ਨੇ ਵਾਤਾਵਰਣ ਸੰਭਾਲ ਅਤੇ ਸਮਾਜਿਕ ਅਲਾਮਤਾਂ ਨੂੰ ਜੜ੍ਹੋਂ ਖਤਮ ਕਰਨ ਲਈ ਯੂਥ ਕਲੱਬਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ
ਯੂਥ ਕਲੱਬਾਂ ਲਈ ਸਾਲਾਨਾ ਐਵਾਰਡ ਦਾ ਕੀਤਾ ਐਲਾਨ, ਜ਼ਿਲਾ ਪੱਧਰ ਉਤੇ ਪਹਿਲੇ ਤਿੰਨ ਸਥਾਨਾਂ ਵਾਲਿਆਂ ਨੂੰ ਮਿਲੇਗੀ ਕ੍ਰਮਵਾਰ 5 ਲੱਖ, 3 ਲੱਖ ਤੇ 2 ਲੱਖ ਰੁਪਏ ਦੀ ਨਗਦ ਰਾਸ਼ੀ
ਚੰਡੀਗੜ੍ਹ, 12 ਜਨਵਰੀ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕੌਮੀ ਯੁਵਾ ਦਿਵਸ ਮੌਕੇ ਸੂਬੇ ਦੇ ਯੂਥ ਕਲੱਬਾਂ ਨੂੰ ਤੋਹਫ਼ਾ ਦਿੰਦਿਆਂ ਪਿਛਲੇ ਦੋ ਸਾਲਾਂ ਸਮੇਂ ਦੌਰਾਨ ਪੂਰੀ ਤਰ੍ਹਾਂ ਸਰਗਰਮ ਰਹਿਣ ਵਾਲੇ 315 ਯੂਥ ਕਲੱਬਾਂ ਨੂੰ 1.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।
ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੰਕੇਤਕ ਤੌਰ ਉੱਤੇ 20 ਕਲੱਬਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਚੈੱਕ ਸੌਂਪੇ। ਯੁਵਕ ਸੇਵਾਵਾਂ ਵੱਲੋਂ ਜ਼ਿਲਾ ਵਾਰ ਇਹ ਰਾਸ਼ੀ ਕਰ ਦਿੱਤੀ ਗਈ ਹੈ।ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਅੱਜ ਪਹਿਲੇ ਪੜਾਅ ਵਿੱਚ 1. 50 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਦੂਜੇ ਪੜਾਅ ਵਿੱਚ ਆਉਂਦੇ ਸਮੇਂ ਵਿੱਚ 1.50 ਕਰੋੜ ਰੁਪਏ ਦੀ ਹੋਰ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ 315 ਯੂਥ ਕਲੱਬਾਂ ਦੀ ਚੋਣ ਪਿਛਲੇ ਦੋ ਸਾਲਾਂ ਦੀਆਂ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਕੀਤੀ ਗਈ ਹੈ।
ਮੀਤ ਹੇਅਰ ਨੇ ਯੂਥ ਕਲੱਬਾਂ ਲਈ ਇੱਕ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਨਵੀਂ ਯੁਵਾ ਨੀਤੀ ਵਿੱਚ ਯੂਥ ਕਲੱਬਾਂ ਲਈ ਸਾਲਾਨਾ ਐਵਾਰਡ ਸ਼ੁਰੂ ਕੀਤਾ ਜਾ ਰਿਹਾ ਹੈ।ਜ਼ਿਲਾ ਪੱਧਰ ਉਤੇ ਐਵਾਰਡਾਂ ਦੀ ਚੋਣ ਕਰਕੇ ਪਹਿਲੇ ਤਿੰਨ ਸਥਾਨਾਂ ਉੱਤੇ ਆਉਣ ਵਾਲੇ ਕਲੱਬਾਂ ਨੂੰ ਕ੍ਰਮਵਾਰ 5 ਲੱਖ, 3 ਲੱਖ ਤੇ 2 ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਐਵਾਰਡ ਦੀ ਚੋਣ ਲਈ ਕਲੱਬਾਂ ਦੀਆਂ ਸਰਗਰਮੀਆਂ ਨੂੰ ਆਧਾਰ ਬਣਾਇਆ ਜਾਵੇਗਾ।ਵਾਤਾਵਰਣ ਸੰਭਾਲ ਅਤੇ ਸਮਾਜਿਕ ਅਲਾਮਤਾਂ ਨੂੰ ਜੜ੍ਹੋਂ ਖਤਮ ਕਰਨ ਲਈ ਯੂਥ ਕਲੱਬਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪਰਾਲੀ ਸਾੜਨ ਦੇ ਰੁਝਾਨ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਤਾਂ ਹੀ ਬੂਰ ਪਵੇਗਾ ਜੇ ਯੂਥ ਕਲੱਬ ਸਰਗਰਮ ਹੋ ਕੇ ਖੁਦ ਪਰਾਲੀ ਨਾ ਸਾੜਨ ਦੀ ਉਦਾਹਰਨ ਪੇਸ਼ ਕਰਨ। ਇਸੇ ਤਰ੍ਹਾਂ ਨਸ਼ੇ ਦੀ ਰੋਕਥਾਮ ਦੀ ਮੁਹਿੰਮ ਵਿੱਚ ਲੋਕਾਂ ਦੀ ਸ਼ਮੂਲੀਅਤ ਸਭ ਤੋਂ ਜ਼ਰੂਰੀ ਹੈ। ਪੇਂਡੂ ਯੂਥ ਕਲੱਬਾਂ ਰਾਹੀਂ ਪਿੰਡਾਂ ਦਾ ਵਿਕਾਸ ਅਤੇ ਤਰੱਕੀ ਜਿਵੇਂ ਕਿ ਸਮਾਜਿਕ ਗਤੀਵਿਧੀਆਂ, ਖੂਨਦਾਨ ਕੈਂਪ, ਵਾਤਾਵਰਣ ਦੀ ਸਾਂਭ-ਸੰਭਾਲ, ਪੌਦੇ ਲਗਾਉਣੇ, ਪਿੰਡ/ਸ਼ਹਿਰ ਦੀਆਂ ਗਲੀਆਂ ਨਾਲੀਆਂ ਦੀ ਸਾਫ-ਸਫਾਈ, ਗਰਾਉਂਡ, ਪਾਰਕਾਂ ਦੀ ਸਾਫ-ਸਫਾਈ ਕੀਤੀ ਜਾਵੇ। ਸਾਰੀਆਂ ਗਤੀਵਿਧੀਆਂ ਨੂੰ ਮਿਲਾ ਕੇ ਹੀ ਮਿਲਣ ਵਾਲੇ ਅੰਕਾਂ ਦੇ ਆਧਾਰ ਉੱਤੇ ਐਵਾਰਡਾਂ ਦੀ ਚੋਣ ਕੀਤੀ ਜਾਵੇਗੀ।
ਯੁਵਕ ਸੇਵਾਵਾਂ ਮੰਤਰੀ ਨੇ ਹਰ ਕਲੱਬ ਦੇ ਨੁਮਾਇੰਦੇ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਸੁਝਾਅ ਮੰਗੇ ਜਿਸ ਦੌਰਾਨ ਹੋਈ ਵਿਚਾਰ ਚਰਚਾ ਵਿੱਚ ਬਹੁਤ ਹੀ ਸਾਰਥਿਕ ਫੀਡਬੈਕ ਮਿਲੀ। ਖੇਡ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨਵੀਂ ਖੇਡ ਨੀਤੀ ਤਹਿਤ 1000 ਖੇਡ ਨਰਸਰੀਆਂ ਸਥਾਪਤ ਕਰਨ ਜਾ ਰਹੀ ਹੈ ਜਿਸ ਖੇਤਰ ਵਿੱਚ ਜਿਹੜੀ ਖੇਡ ਖੇਡੀ ਜਾਂਦੀ ਹੈ, ਉੱਥੇ ਉਸੇ ਖੇਡ ਦਾ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਯੂਥ ਕਲੱਬਾਂ ਨੂੰ ਨੈਸ਼ਨਲ ਸਟਾਈਲ ਕਬੱਡੀ ਨੂੰ ਹੁਲਾਰਾ ਦੇਣ ਲਈ ਉਪਰਾਲੇ ਕਰਨ ਲਈ ਆਖਿਆ ਕਿਉਂਕਿ ਇਹ ਖੇਡ ਏਸ਼ੀਅਨ ਗੇਮਜ਼ ਤੇ ਨੈਸ਼ਨਲ ਗੇਮਜ਼ ਦਾ ਹਿੱਸਾ ਹੈ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸਿਰਜੇ ਸੁਪਨੇ ਨੂੰ ਸਾਕਾਰ ਕਰਨ ਲਈ ਅਤੇ ਪੰਜਾਬ ਦੇ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਯੁਵਕ ਸੇਵਾਵਾਂ ਵਿਭਾਗ ਵੱਲੋਂ ਰਾਜ ਯੁਵਕ ਸਿਖਲਾਈ ਵਿਕਾਸ ਯੁਵਾ ਵਰਕਸ਼ਾਪ, ਯੁਵਕ ਮੇਲੇ, ਟੀਚਰ ਟ੍ਰੇਨਿੰਗ ਕੈਂਪ, ਯੂਥ ਲੀਡਰਸ਼ਿਪ ਟਰੇਨਿੰਗ ਕੈਂਪ/ ਹਾਈਕਿੰਗ ਟਰੈਕਿੰਗ/ ਮਾਊਟੇਨਰਿੰਗ ਕੋਰਸ, ਇੰਟਰ ਸਟੇਟ ਟੂਰ ਵਰਗੀਆਂ ਸਕੀਮਾਂ ਦਾ ਲਾਭ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤੀ ਰਾਸ਼ੀ ਜ਼ਿਲਾ ਪੱਧਰ ਉਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਬਣਾਈ ਕਮੇਟੀ ਵੱਲੋਂ ਕਲੱਬਾਂ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਤੀ ਕਲੱਬ 50 ਹਜ਼ਾਰ ਰੁਪਏ ਵੱਧ ਤੋਂ ਵੱਧ ਜਾਰੀ ਕੀਤੇ ਜਾਣਗੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਇਹ ਰਾਸ਼ੀ ਵਿੱਤੀ ਨਿਯਮਾਂ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਖ਼ਰਚੀ ਜਾਵੇ।
ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਵਿਸ਼ੇਸ਼ ਸਕੱਤਰ ਆਨੰਦ ਕੁਮਾਰ ਤੇ ਸਹਾਇਕ ਡਾਇਰੈਕਟਰ ਰੁਪਿੰਦਰ ਕੌਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here