ਮੁੱਖ ਮੰਤਰੀ ਮਾਨ ਸਪਸ਼ਟ ਕਰਨ ਕਿ ਉਹ ਪੰਜਾਬੀਆਂ ਦੇ ਗੈਰਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਦਾ ਸਮਰਥਨ ਕਰਦੇ ਹਨ-ਗਰਚਾ
ਚੰਡੀਗੜ੍ਹ, 17 ਫਰਵਰੀ ( ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਅੱਜ ਦੂਜੇ ਜਹਾਜ਼ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈਣ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਸੱਣਾ ਚਾਹੀਦਾ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਮਨੁੱਖੀ ਤਸਕਰੀ ਲਈ ਕਿੰਨੇ ਤੇ ਕਿਹੜੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ‘ਤੇ ਕੇਸ ਦਰਜ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਨੋਜਵਾਨਾਂ ਨੂੰ ਰੋਜਗਾਰ ਨਾ ਦੇ ਸਕਣ ਕਾਰਣ ਵੱਡੇ ਪੱਧਰ ਤੇ ਪਰਵਾਸ ਹੋ ਰਿਹਾ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਵਿੱਚ ਜਾ ਰਹੇ ਹਨ, ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਅਮਰੀਕਾ ਤੋਂ ਗੈਰਕਾਨੂੰਨੀ ਤਰੀਕੇ ਨਾਲ ਗਏ ਲੋਕਾਂ ਨੂੰ ਡਿਪੋਰਟ ਕਰਕੇ ਭਾਰਤ ਭੇਜੇ ਜਾਣ ਤੇ ਰਾਜਨੀਤੀਕ ਲਾਹਾ ਲੈਣ ਲਈ ਨੀਵੇਂ ਦਰਜੇ ਦੀ ਰਾਜਨੀਤੀ ਕਰਨ ਦੀ ਬਜਾਇ ਸਪਸ਼ਟ ਕਰਨ ਕਿ ਉਹ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਵਿੱਚ ਜਾਣ ਵਾਲਿਆਂ ਦਾ ਸਮਰਥਨ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਇਥੇ ਚੰਗੀਆਂ ਨੌਕਰੀਆਂ ਦੇਵੇ ਤਾਕਿ ਉਹ ਆਪਣੀਆਂ ਜ਼ਿੰਦਗੀਆਂ ਠੱਗ ਟਰੈਵਲ ਏਜੰਟਾ ਦੇ ਚੁੰਗਲ ਵਿੱਚ ਫੱਸਕੇ ਖਰਾਬ ਨਾ ਕਰਨ, ਉਨ੍ਹਾਂ ਕਿਹਾ ਹਜ਼ਾਰਾਂ ਦੀ ਗਿਣਤੀ ਵਿੱਚ ਠੱਗ ਟਰੈਵਲ ਏਜੰਟ ਕਰੋੜਾਂ ਰੁਪਏ ਨੌਜਵਾਨ ਵਰਗ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਤੇ ਖਾ ਰਹੇ ਹਨ ਅਜਿਹੇ ਏਜੰਟਾ ਖਿਲਾਫ਼ ਉਨ੍ਹਾਂ ਦੀ ਰਾਜਨੀਤਕ ਤੇ ਪ੍ਰਸਾਸ਼ਨ ਵਿੱਚ ਪਹੁੰਚ ਕਾਰਣ ਕੋਈ ਕਾਰਵਾਈ ਨਹੀਂ ਹੁੰਦੀ।