ਮੂਸੇਵਾਲਾ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲਾ, ਲਾਰੈਂਸ ਬਿਸ਼ਨੋਈ ਦਾ ਸਾਥੀ ਛੋਟਾ ਮਨੀ, ਪੰਜਾਬ ਤੋਂ ਆਪਣੇ ਸਾਥੀ ਸਮੇਤ ਕਾਬੂ

0
177

ਮੂਸੇਵਾਲਾ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲਾ, ਲਾਰੈਂਸ ਬਿਸ਼ਨੋਈ ਦਾ ਸਾਥੀ ਛੋਟਾ ਮਨੀ, ਪੰਜਾਬ ਤੋਂ ਆਪਣੇ ਸਾਥੀ ਸਮੇਤ ਕਾਬੂ

– ਪੁਲਿਸ ਟੀਮਾਂ ਨੇ ਉਕਤ ਦੋਸ਼ੀਆਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਅਤੇ ਗੋਲੀ ਸਿੱਕਾ ਵੀ ਕੀਤਾ ਬਰਾਮਦ

– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਸੂਬੇ ਚੋਂ ਸੰਗਠਿਤ ਅਪਰਾਧਿਕ ਨੈਟਵਰਕਾਂ ਨੂੰ ਨੇਸਤ-ਓ-ਨਾਬੂਤ ਕਰਨ ਲਈ ਵਚਨਬੱਧ

– ਛੋਟਾ ਮਨੀ ਨੇ 2017 ਵਿੱਚ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਵਿੱਚ ਵੀ ਕੀਤੀ ਸੀ ਮਦਦ: ਡੀਜੀਪੀ ਗੌਰਵ ਯਾਦਵ

– ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਵਿਰੋਧੀ ਗੈਂਗਸਟਰਾਂ ਦੀਆਂ ਮਿੱਥਕੇ ਹੱਤਿਆ ਕਰਨ ਦਾ ਕੰਮ ਸੌਂਪਿਆ ਗਿਆ ਸੀ   : ਡੀਜੀਪੀ ਪੰਜਾਬ

ਚੰਡੀਗੜ੍ਹ, 3 ਫਰਵਰੀ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚ ਸੰਗਠਿਤ ਅਪਰਾਧਿਕ ਨੈੱਟਵਰਕਾਂ ਨੂੰ ਤਬਾਹ ਕਰਨ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਮਨਦੀਪ ਸਿੰਘ ਉਰਫ ਛੋਟਾ ਮਨੀ ਵਾਸੀ  ਚੰਡੀਗੜ੍ਹ, ਜਿਸਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਛੁਪਣਗਾਹਾਂ ਮੁਹੱਈਆ ਕਰਵਾਉਣ ਅਤੇ 2017 ਵਿੱਚ ਗੈਂਗਸਟਰ ਦੀਪਕ ਟੀਨੂੰ ਦੀ ਭੱਜਣ ਵਿੱਚ ਮਦਦ  ਕੀਤੀ ਸੀ, ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ
ਮੁਲਜ਼ਮ ਛੋਟਾ ਮਨੀ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਜਤਿੰਦਰ ਸਿੰਘ ਵਾਸੀ ਮੁਹੱਲਾ ਗੋਬਿੰਦਪੁਰਾ , ਮਨੀਮਾਜਰਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ ਦੋ .32 ਕੈਲੀਬਰ ਪਿਸਤੌਲ ਦੇ ਨਾਲ-ਨਾਲ 12 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜ਼ੀਰਕਪੁਰ ਦੇ ਖੇਤਰ ਵਿੱਚ ਛੋਟਾ ਮਨੀ ਦੀ ਮੌਜੂਦਗੀ ਬਾਰੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ ਤੋਂ ਬਾਅਦ, ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏ.ਜੀ.ਟੀ.ਐਫ. ਅਤੇ   ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ  ਅਤੇ ਡੀ.ਐਸ.ਪੀ. ਬਿਕਰਮ ਬਰਾੜ ਦੀ ਕਮਾਨ ਹੇਠ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਟਿਕਾਣੇ ਦਾ ਪਤਾ ਲਗਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਉਸ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਨ ਅਤੇ ਦੋਵੇਂ ਅਪਰਾਧਿਕ ਪਿਛੋਕੜ ਵਾਲੇ ਹਨ, ਜਿਨ੍ਹਾਂ ਵਿਰੁੱਧ ਇਰਾਦਾ ਕਤਲ , ਜਬਰਨ ਵਸੂਲੀ , ਡਕੈਤੀ ਅਤੇ ਅਸਲਾ ਐਕਟ ਤਹਿਤ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਦੁਆਰਾ ਵਿਰੋਧੀ ਗੈਂਗਸਟਰਾਂ ਦੀ ਮਿੱਥਕੇ ਕਤਲ ਕਰਨ ਸਬੰਧੀ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।

ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਸਾਲ 2022 ਵਿੱਚ, ਦੋਸ਼ੀ ਛੋਟਾ ਮਨੀ  ਨੂੰ ਉਸਦੇ ਹੋਰ ਸਾਥੀਆਂ ਸਚਿਨ ਥਾਪਨ, ਦੀਪਕ ਮੁੰਡੀ ਅਤੇ ਜੋਗਿੰਦਰ ਜੋਗਾ -ਸਾਰੇ ਸ਼ੂਟਰ ਅਤੇ ਸਿੱਧੂ ਮੂਸੇਵਾਲਾ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਵਿਦੇਸ਼ੀ ਹੈਂਡਲਰਾਂ ਦੇ ਕਹਿਣ ਮੁਤਾਬਕ ਅਯੁੱਧਿਆ ਅਧਾਰਤ ਰਾਜਨੇਤਾ ਵਿਕਾਸ ਸਿੰਘ ਦੇ ਇਸ਼ਾਰੇ  ’ਤੇ ਸਨਸਨੀਖੇਜ਼ ਅਪਰਾਧ ਕਰਨ ਲਈ ਕਿਹਾ ਗਿਅ ਸੀ। ਜ਼ਿਕਰਯੋਗ ਹੈ ਕਿ ਬਾਅਦ ਵਿੱਚ ਵਿਕਾਸ ਸਿੰਘ ਨੂੰ ਨਵੰਬਰ 2023 ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਛੋਟਾ ਮਨੀ ਨੂੰ ਵਿਦੇਸ਼ ਵਿੱਚ ਵਸਾਉਣਾ ਚਾਹੁੰਦਾ ਸੀ ਅਤੇ ਉਸ ਨੂੰ ਯੂਰਪ ਵਿੱਚ ਸੁਰੱਖਿਅਤ ਪ੍ਰਵੇਸ਼ ਲਈ ਤਿੰਨ ਵਾਰ ਦੁਬਈ ਵੀ ਭੇਜਿਆ ਗਿਆ, ਪਰ ਅਸਫਲ ਰਹਿਣ ਕਾਰਨ ਬਾਅਦ ਵਿੱਚ ਉਸ ਨੂੰ ਵਾਪਸ ਭਾਰਤ ਪਰਤਣਾ ਪਿਆ।

ਇਸ ਸਬੰਧੀ ਪੁਲਿਸ ਥਾਣਾ ਸਟੇਟ ਕਰਾਈਮ, ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ।

LEAVE A REPLY

Please enter your comment!
Please enter your name here