ਮੂੰਗੀ ਦੀ ਫਸਲ ਐਮ.ਐਸ.ਪੀ ਉੱਪਰ ਖਰੀਦਣ ਵਿੱਚ ਅਸਫਲ ਰਹੀ ਮਾਨ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਵੇ — ਖਹਿਰਾ

0
273
ਨਿਊਯਾਰਕ/ਚੰਡੀਗੜ, 14 ਸਤੰਬਰ (ਰਾਜ ਗੋਗਨਾ ) –ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਮੂੰਗੀ ਦੀ ਫਸਲ ਉੱਪਰ ਐਮ.ਐਸ.ਪੀ ਨਾ ਮਿਲਣ ਵਾਲੇ ਸਾਰੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਉਸ ਦੇ ਵਾਅਦੇ ਉਪਰੰਤ ਫਸਲ ਬੀਜੀ ਸੀ ਅਤੇ ਮਾੜੀ ਖਰੀਦ ਕਾਰਨ ਉਹਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।ਖਹਿਰਾ ਜਾਰੀ ਇਕ ਲਿਖਤੀ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਖਹਿਰਾ ਨੇ ਕਿਹਾ ਕਿ,ਉਹ ਜਲਦ ਹੀ ਕਿਸਾਨਾਂ ਦਾ ਇੱਕ ਵਫਦ ਲੈ ਕੇ ਮੁੱਖ ਮੰਤਰੀ ਨੂੰ ਇਸ ਆਸ ਨਾਲ ਮਿਲਣਗੇ ਕਿ ਉਹ ਪੀੜ੍ਹਤ ਕਿਸਾਨਾਂ ਨੂੰ ਮੁਆਵਜਾ ਦੇਣ ਵਾਲਾ ਆਪਣਾ ਵਾਅਦਾ ਪੂਰਾ ਕਰਨਗੇ।ਨਾਲ ਹੀ ਖਹਿਰਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਮੁਆਵਜਾ ਦੇਣ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਦਿੱਲੀ ਦੇ ਬਾਹਰ ਲਗਾਏ ਗਏ ਧਰਨੇ ਵਰਗਾ ਧਰਨਾ ਚੰਡੀਗੜ ਦੇ ਬਾਹਰ ਲਗਾਉਣ ਲਈ ਮਜਬੂਰ ਹੋ ਜਾਣਗੇ।ਪੰਜਾਬ ਮੰਡੀ ਬੋਰਡ ਤੋਂ ਹਾਸਿਲ ਕੀਤੀ ਜਾਣਕਾਰੀ ਦੇ ਅਧਾਰ ਉੱਪਰ ਖਹਿਰਾ ਨੇ ਖੁਲਾਸਾ ਕੀਤਾ ਕਿ ਕਿਸਾਨਾਂ ਨੂੰ ਫਸਲੀ ਵਿੰਭਿਨਤਾ ਲਈ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਮਾਨ ਨੇ ਮੂੰਗੀ ਦੀ ਫਸਲ ਉੱਪਰ ਐਮ.ਐਸ.ਪੀ ਦਾ ਵਾਅਦਾ ਕੀਤਾ ਸੀ, ਇਸ ਕਾਰਨ ਕਿਸਾਨਾਂ ਨੇ 486025 ਕੁਇੰਟਲ ਮੂੰਗੀ ਦੀ ਫਸਲ ਦੀ ਪੈਦਾਵਾਰ ਕੀਤੀ। ਉਹਨਾਂ ਦੱਸਿਆ ਕਿ ਸਰਕਾਰ ਨੇ ਸਿਰਫ 54761 ਕੁਇੰਟਲ ਦੀ ਹੀ ਖਰੀਦ ਕੀਤੀ ਜੋ ਕਿ ਮਹਿਜ 11 ਫੀਸਦੀ ਬਣਦਾ ਹੈ।ਖਹਿਰਾ ਨੇ ਕਿਹਾ ਕਿ ਨਤੀਜੇ ਵਜੋਂ 89 ਫੀਸਦੀ ਕਿਸਾਨਾਂ ਨੂੰ ਆਪਣੀ ਫਸਲ 3000 ਤੋਂ 5000 ਰੁਪਏ ਦੇ ਬਹੁਤ ਘੱਟ ਰੇਟਾਂ ਤੇ ਵੇਚਣੀ ਪਈ ਜਿਸ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਅੋਸਤਨ ਕਿਸਾਨਾਂ ਨੂੰ 15000 ਤੋਂ 20000 ਰੁਪਏ ਫੀ ਏਕੜ ਦਾ ਘਾਟਾ ਪਿਆ ਹੈ ਜਿਸ ਲਈ ਸਰਕਾਰ ਨੂੰ ਮੁਆਵਜਾ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਵੱਲੋਂ ਬਾਰ ਬਾਰ ਕੀਤੇ ਵਾਅਦੇ ਅਤੇ ਦਿੱਤੇ ਭਰੋਸੇ ਸਨ ਜਿਹਨਾਂ ਕਾਰਨ ਕਿਸਾਨਾਂ ਨੇ ਮੂੰਗੀ ਦੀ ਪੈਦਾਵਾਰ ਇਸ ਆਸ ਤੇ ਕੀਤੀ ਕਿ ਮੁੱਖ ਮੰਤਰੀ ਮੁੜ ਮੁੜ ਜਨਤਕ ਤੋਰ ਤੇ ਕੀਤੇ ਆਪਣੇ ਵਾਅਦੇ ਤੋਂ ਭੱਜੇਗਾ ਨਹੀਂ। ਉਹਨਾਂ ਟਿੱਪਣੀ ਕੀਤੀ ਕਿ ਇਹ ਸਾਡੀ ਵਿਰੋਧੀ ਧਿਰ ਦੀ ਜਿੰਮੇਵਾਰੀ ਬਣਦੀ ਹੈ ਕਿ ਸਰਕਾਰ ਕੋਲੋਂ ਉਸਦੇ ਵਾਅਦੇ ਪੂਰੇ ਕਰਵਾਏ ਜਾਣ।ਕਿਸਾਨ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੀ ਪਾਰਟੀ ਨੇ ਬਜਟ ਦੇ ਸਮੇਂ ਹੀ ਮੁੱਖ ਮੰਤਰੀ ਨੂੰ ਦੱਸ ਦਿੱਤਾ ਸੀ ਕਿ ਮੂੰਗੀ ਦੀ ਫਸਲ ਦੇ ਐਮ.ਐਸ.ਪੀ ਲਈ ਰੱਖੀ ਗਈ ਰਕਮ ਸਾਰੀ ਫਸਲ ਦੀ ਖਰੀਦ ਲਈ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਮੂੰਗੀ ਦੀ ਖਰੀਦ ਲਈ ਰੱਖੀ ਗਈ 66 ਕਰੋੜ ਦੀ ਰਕਮ ਬਹੁਤ ਘੱਟ ਸੀ ਅਤੇ ਜਿਸਦੇ ਨਤੀਜੇ ਵਜੋਂ ਕਿਸਾਨਾਂ ਨੂੰ ਪ੍ਰਾਈਵੇਟ ਖਰੀਦਦਾਰਾਂ ਦੇ ਆਸਰੇ ਛੱਡ ਦਿੱਤਾ ਗਿਆ।ਪਿਛਲੇ 6 ਮਹੀਨਿਆਂ ਵਿੱਚ 60 ਦੇ ਕਰੀਬ ਖੁਦਕੁਸ਼ੀਆਂ ਦਾ ਹਵਾਲਾ ਦਿੰਦਿਆਂ ਕਿਸਾਨਾਂ ਵਿੱਚ ਵੱਧ ਰਹੀ ਨਿਰਾਸ਼ਾ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਵਾਸਤੇ ਕੁਝ ਨਹੀਂ ਬਦਲਿਆਂ ਉਹ ਅੱਜ ਵੀ ਉਂਝ ਹੀ ਨਿਰਾਸ਼ ਹਨ ਜਿਵੇਂ ਇਸ ਸਰਕਾਰ ਦੇ ਬਣਨ ਤੋਂ ਪਹਿਲਾਂ ਸਨ ਕਿਉਂਕਿ ਆਪ ਸਰਕਾਰ ਕਿਸਾਨਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਰਹੀ ਹੈ।ਵੱਖ ਵੱਖ ਕਾਰਨਾਂ ਕਾਰਨ ਨਰਮਾ ਅਤੇ ਝੋਨਾ ਉਤਪਾਦਕਾਂ ਦੇ ਹੋਏ ਖਰਾਬੇ ਦਾ ਮੁਆਵਜਾ ਦਿੱਤੇ ਜਾਣ ਦੀ ਵੀ ਖਹਿਰਾ ਨੇ ਮੰਗ ਕੀਤੀ। ਉਹਨਾਂ ਕਿਹਾ ਕਿ ਜਿਥੇ ਕਿਸਾਨਾਂ ਨੂੰ ਜਾਅਲੀ ਬੀਜਾਂ, ਖਾਦਾਂ ਅਤੇ ਦਵਾਈਆਂ ਕਾਰਨ ਵੱਡਾ ਨੁਕਸਾਨ ਝੱਲਣਾ ਪਿਆ ਹੈ ਉਥੇ ਹੀ ਬੇਮੋਸਮੀ ਮੀਹਾਂ ਕਾਰਨ ਝੋਨਾ ਉਤਪਾਦਕਾਂ ਨੂੰ ਹੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਨੇਕਾਂ ਸਥਾਨਾਂ ਉੱਪਰ 100 ਫੀਸਦੀ ਫਸਲ ਤਬਾਹ ਹੋ ਚੁੱਕੀ ਹੈ।ਕਾਂਗਰਸੀ ਵਿਧਾਇਕ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਹਰ ਕੋਸ਼ਿਸ਼ ਕਰਨਗੇ। ਉਹਨਾਂ ਇਹ ਕਹਿੰਦਿਆਂ ਚਿਤਾਵਨੀ ਦਿੱਤੀ ਕਿ ਜੇ ਉਹ ਜਾਇਜ ਮੰਗਾਂ ਮੰਨ ਜਾਂਦੇ ਹਨ ਤਾਂ ਅਸੀ ਉਹਨਾਂ ਦਾ ਧੰਨਵਾਦ ਕਰਾਂਗੇ ਪਰੰਤੂ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਦਿੱਲੀ ਵਰਗਾ ਧਰਨਾ ਚੰਡੀਗੜ ਦੇ ਬਾਹਰ ਲਗਾਉਣਗੇ ਅਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਨਹੀਂ ਚੁੱਕਣਗੇ।

LEAVE A REPLY

Please enter your comment!
Please enter your name here