ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

0
100

ਮਹਿਤਾ ਚੌਕ 25 ਅਪ੍ਰੈਲ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੁਖਦਾਈ, ਅਫ਼ਸੋਸ ਜਨਕ ਅਤੇ ਨਾ ਸਹਿਣਯੋਗ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਇਕ ਵਿਅਕਤੀ ਵੱਲੋਂ ਬੂਟਾਂ ਸਮੇਤ ਜਬਰੀ ਜੰਗਲਾ ਟੱਪ ਕੇ ਅੰਦਰ ਦਾਖਲ ਹੋ ਕੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕੀਤਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ । ਉਨ੍ਹਾਂ ਕਿਹਾ ਇਸ ਦੁਖਦਾਈ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ । ਸਾਰਾ ਸਿੱਖ ਪੰਥ ਸਦਮੇ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸੋਚੀ ਸਮਝੀ ਘਟਨਾ ਹੈ। ਪਿਛਲੇ ਸਮੇਂ ਸਮੇਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਅਤੇ ਜਿਹੜਾ ਵੀ ਵਿਅਕਤੀ ਬੇਅਦਬੀ ਕਰਦਾ ਫੜਿਆ ਜਾਂਦਾ ਹੈ, ਉਸ ਨੂੰ ਪਾਗਲ ਜਾਂ ਫਿਰ ਦਿਮਾਗ਼ੀ ਰੋਗੀ ਹੀ ਕਹਿਆ ਜਾਣਾ ਕਿਸੇ ਏਜੰਸੀਆਂ ਦਾ ਹੀ ਕੰਮ ਹੈ। ਜੇ ਇਹ ਵਿਅਕਤੀ ਵਾਕਿਆ ਹੀ ਰੋਗੀ ਹੁੰਦੇ ਤਾਂ ਇਹ ਵੀ ਕਿਸੇ ਹੋਰ ਦਾ ਵੀ ਨੁਕਸਾਨ ਕਰਦੇ ਪਰ ਐਸਾ ਕਿਸੇ ਵੀ ਘਟਨਾ ਵਿਚ ਦੇਖਣ ਨੂੰ ਨਹੀਂ ਮਿਲਿਆ । ਇਸ ਲਈ ਇਹ ਸਾਰੀਆਂ ਬੇਅਦਬੀਆਂ ਏਜੰਸੀਆਂ ਦੀ ਡੂੰਘੀ ਚਾਲ ਨੂੰ ਹੀ ਦਰਸਾਉਂਦੀਆਂ ਹਨ ਅਤੇ ਹੁਣ ਤੱਕ ਇਹਨਾਂ ਘਟਨਾਵਾਂ ਦੇ ਪਿੱਛੇ ਚੱਲ ਰਹੇ ਮਾਸਟਰ ਮਾਂਈਡ ਪੁਲਿਸ ਤੇ ਸਰਕਾਰ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ ।ਇਹ ਬਹੁਤ ਚਿੰਤਾ ਤੇ ਦੁੱਖ ਦਾ ਕਾਰਨ ਹੈ । ਇਸ ਲਈ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਸਮੁੱਚੀ ਤੇ ਡੂੰਘਾਈ ਪੱਧਰ ਤੇ ਜਾਂਚ ਤੇ ਛਾਣ ਬੀਨ ਹੋਣੀ ਲਾਜ਼ਮੀ ਹੈ। ਅਤੇ ਸਰਕਾਰ ਨੂੰ ਉੱਚ ਪੱਧਰੀ ਜਾਂਚ ਕਰਕੇ ਇਸ ਘਟਨਾ ਦੇ ਪਿੱਛੇ ਜਿਹੜੇ ਵੀ ਪਾਪੀ ਵਿਅਕਤੀ ਹਨ, ਉਨ੍ਹਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਇਹਨਾਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ ।

LEAVE A REPLY

Please enter your comment!
Please enter your name here