ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਬੈਂਕਾਂ ਵੱਲੋਂ ਤਰਜੀਹੀ ਖੇਤਰ ਨੂੰ 2388 ਕਰੋੜ ਰੁਪਏ ਦੇ ਕਰਜ਼ਿਆਂ ਦੀ ਵੰਡ
ਜ਼ਿਲ੍ਹਾ ਸਲਾਹਕਾਰ ਸਮੀਖਿਆ ਸੰਮਤੀ ਦੀ ਮੀਟਿੰਗ ਹੋਈ
ਦਲਜੀਤ ਕੌਰ
ਸੰਗਰੂਰ, 16 ਸਤੰਬਰ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਟੇਟ ਬੈਂਕ ਆਫ ਇੰਡੀਆ ਲੀਡ ਬੈਂਕ ਦਫ਼ਤਰ ਵੱਲੋਂ ਜ਼ਿਲ੍ਹਾ ਸਲਾਹਕਾਰ ਸਮੀਖਿਆ ਸੰਮਤੀ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਨੇ ਵਿੱਤੀ ਸਾਲ 2023-24 ਦੀ ਖਤਮ ਹੋਣ ਵਾਲੀ ਪਹਿਲੀ ਤਿਮਾਹੀ ਦੌਰਾਨ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵੱਲੋ ਤਰਜੀਹੀ ਖੇਤਰ ਨੂੰ 2388 ਕਰੋੜ ਰੁਪਏ ਦੇ ਕਰਜ਼ਿਆਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਪਾਂਸਰ ਸਕੀਮਾਂ ਦੀਆਂ ਸਾਰੀਆਂ ਬਕਾਇਆ ਅਰਜ਼ੀਆਂ ਨੂੰ ਜਲਦੀ ਨਿਪਟਾਇਆ ਜਾਵੇ। ਉਨ੍ਹਾਂ ਨੇ ਇਹ ਹਦਾਇਤ ਵੀ ਕੀਤੀ ਕਿ ਸੀਨੀਅਰ ਨਾਗਰਿਕਾਂ ਅਤੇ ਦਿਵਿਆਂਗਜਨ ਨੂੰ ਪਹਿਲ ਦੇ ਆਧਾਰ ‘ਤੇ ਸੇਵਾ ਦਿੱਤੀ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾਵਾਂ ਵਿੱਚ ਕਰਜ਼ਿਆਂ ਦੀ ਗਿਣਤੀ ਵਧਾਉਣ ਲਈ ਵੀ ਨਿਰਦੇਸ਼ ਦਿੱਤੇ ਹਨ ਤਾਂ ਜੋ ਵੱਧ ਤੋਂ ਵੱਧ ਸਟ੍ਰੀਟ ਵਿਕਰੇਤਾਵਾਂ ਨੂੰ ਦਾਇਰੇ ਅਧੀਨ ਲਿਆਂਦਾ ਜਾ ਸਕੇ। ਇਸ ਮੌਕੇ ਗਰਿਮਾ ਬੱਸੀ, ਐਲ.ਡੀ.ਓ. ਆਰ.ਬੀ.ਆਈ. ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਗਾਹਕਾਂ ਦੀ ਸੇਵਾ ਲਈ ਡਿਜ਼ੀਟਲ ਮੋਡ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਨੇ ਬੈਂਕਾਂ ਨੂੰ ਬੈਂਕਿੰਗ ਉਦਯੋਗ ਵਿੱਚ ਨਵੇਂ ਨਤੀਜਿਆਂ ਬਾਰੇ ਵੀ ਜਾਣੂ ਕਰਵਾਇਆ। ਡੀਡੀਐਮ ਨਾਬਾਰਡ ਗੁਰਪ੍ਰੀਤ ਸਿੰਘ ਨੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਕਰਜ਼ੇ ਦੀ ਵੰਡ ਬਾਰੇ ਦੱਸਿਆ। ਉਸਨੇ ਸਵੈ-ਸਹਾਇਤਾ ਸਮੂਹਾਂ, ਜੇਐਲਜੀ ਸਮੂਹਾਂ ਅਤੇ ਐਗਰੀ ਇਨਫਰਾ ਫੰਡ ਬਾਰੇ ਵੀ ਜਾਣਕਾਰੀ ਦਿੱਤੀ ।