ਮੱਛੀ ਪਾਲਣ ਧੰਦੇ ਨੂੰ ਅਪਣਾ ਕੇ ਕਿਸਾਨ ਕਰ ਸਕਦੇ ਹਨ ਆਪਣੀ ਆਮਦਨ ਵਿੱਚ ਵਾਧਾ-ਡਿਪਟੀ ਕਮਿਸ਼ਨਰ

0
161

ਮੱਛੀ ਪਾਲਕਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ 40 ਤੋਂ 60
ਫ਼ੀਸਦੀ ਸਬਸਿਡੀ
ਮਾਨਸਾ, 18 ਅਪ੍ਰੈਲ :
ਮੱਛੀ ਪਾਲਣ ਦਾ ਕਿੱਤਾ ਇਕ ਲਾਹੇਵੰਦ ਧੰਦਾ ਹੈ ਜਿਸ ਨੂੰ ਅਪਣਾ ਕੇ ਕਿਸਾਨ ਡੇਢ ਤੋਂ ਦੋ ਲੱਖ ਰੁਪਏ ਪ੍ਰਤੀ ਏਕੜ ਆਮਦਨ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਮੱਛੀ ਪਾਲਣ ਅਤੇ ਇਸਦੇ ਨਾਲ ਸਬੰਧਤ ਨਵੇਂ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ ਵਾਈ) ਸਕੀਮ ਲਾਗੂ ਹੋ ਚੁੱਕੀ ਹੈ। ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨ ਹੇਠਲੇ ਮਿੱਠੇ ਪਾਣੀ ਵਾਲੀਆਂ ਜਮੀਨਾਂ ਲਈ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ 11 ਲੱਖ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਜਨਰਲ ਕਾਸ਼ਤਕਾਰ ਲਈ 40 ਫੀਸਦੀ ਅਤੇ ਔਰਤਾਂ/ਐਸ.ਸੀ/ਐਸ.ਟੀ. ਜਾਤੀਆਂ ਲਈ 60 ਫੀਸਦੀ ਦੀ ਦਰ ਨਾਲ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2022-23 ਤੱਕ ਮਾਨਸਾ ਜ਼ਿਲ੍ਹੇ ਵਿੱਚ ਕਰੀਬ 70 ਕਾਸ਼ਤਕਾਰਾਂ ਵੱਲੋਂ 200 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਮੀਨ ਹੇਠਲੇ ਖਾਰੇ ਪਾਣੀ ਵਾਲੀਆਂ ਜਮੀਨਾਂ ਲਈ ਸਕੀਮ ਅਧੀਨ ਝੀਂਗਾ ਪਾਲਣ ਦੇ ਕੰਮ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ 14 ਲੱਖ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਜਨਰਲ ਕਾਸ਼ਤਕਾਰ ਲਈ 40 ਫੀਸਦੀ ਅਤੇ ਔਰਤਾਂ/ਐਸ.ਸੀ/ਐਸ.ਟੀ ਜਾਤੀਆਂ ਲਈ 60 ਫੀਸਦੀ ਦੀ ਦਰ ਨਾਲ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2022-23 ਤੱਕ ਮਾਨਸਾ ਜ਼ਿਲ੍ਹੇ ਵਿੱਚ 37 ਕਿਸਾਨਾਂ ਵੱਲੋਂ ਕਰੀਬ 120 ਏਕੜ ਵਿੱਚ ਝੀਂਗਾ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ। ਪੋਸਟ ਹਾਰਵੈਸਟਿੰਗ ਇਨਫਰਾਸਟਰਕਚਰ ਮੱਦ ਅਧੀਨ ਮੋਟਰਸਾਇਕਲ ਵਿੱਚ ਆਈਸਬਾਕਸ, ਰੈਫਰੀਜਰੇਟਰ ਵੈਨ ਆਦਿ ਉੱਤੇ ਵੀ ਸਬਸਿਡੀ ਉਪਲੱਬਧ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਖੁਰਦ ਵਿਖੇ ਸਥਾਪਿਤ ਕੀਤਾ ਗਿਆ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਸ਼ੂਰੂ ਹੋ ਚੁੱਕਾ ਹੈ ਅਤੇ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਫਾਰਮ ’ਤੇ ਮੱਛੀ ਪੂੰਗ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਕਿਸਾਨ ਸਰਕਾਰੀ ਰੇਟਾਂ ਉੱਪਰ ਪੂੰਗ ਦੀ ਖਰੀਦ ਕਰ ਸਕਦੇ ਹਨ। ਮੱਛੀ/ਝੀਂਗਾ ਪਾਲਣ ਦੇ ਧੰਦੇ ਨਾਲ ਜੁੜਨ ਵਾਲੇ ਕਿਸਾਨਾਂ ਲਈ ਹਰ ਮਹੀਨੇ 5 ਦਿਨਾਂ ਟ੍ਰੇਨਿੰਗ ਕੈਂਪ ਸਰਕਾਰੀ ਮੱਛੀ ਪੂੰਗ ਫਾਰਮ ਅਲੀਸ਼ੇਰ ਖੁਰਦ ਵਿਖੇ ਲਗਾਇਆ ਜਾਂਦਾ ਹੈ। ਚਾਹਵਾਨ ਵਿਅਕਤੀ ਉਕਤ ਸਕੀਮਾਂ ਦਾ ਲਾਭ ਲੈਣ ਲਈ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਮਾਨਸਾ ਵਿਖੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here