ਯੁੱਧ ਨਸ਼ਿਆਂ ਵਿਰੁੱਧ- ਹਲਕਾ ਦਿੜ੍ਹਬਾ ਦੇ ਵੱਖੋ-ਵੱਖ ਪਿੰਡਾਂ ਵਿੱਚ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ

0
67
ਯੁੱਧ ਨਸ਼ਿਆਂ ਵਿਰੁੱਧ- ਹਲਕਾ ਦਿੜ੍ਹਬਾ ਦੇ ਵੱਖੋ-ਵੱਖ ਪਿੰਡਾਂ ਵਿੱਚ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ
-ਯੁੱਧ ਨਸ਼ਿਆਂ ਵਿਰੁੱਧ-
ਹਲਕਾ ਦਿੜ੍ਹਬਾ ਦੇ ਵੱਖੋ-ਵੱਖ ਪਿੰਡਾਂ ਵਿੱਚ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ
ਦਲਜੀਤ ਕੌਰ
ਦਿੜ੍ਹਬਾ, 21 ਮਈ, 2025: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉਸੇ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਨਸ਼ਿਆਂ ਦੇ ਖਾਤਮੇ ਹਿਤ ਲੋਕਾਂ ਨਾਲ ਸਿੱਧਾ ਰਾਬਤਾ ਕੀਤਾ ਜਾ ਰਿਹਾ ਹੈ ਤੇ ਨਸ਼ਿਆਂ ਦਾ ਖਾਤਮਾ ਵੱਡੇ ਪੱਧਰ ਉੱਤੇ ਜਾਰੀ ਹੈ।
ਇਹ ਪ੍ਰਗਟਾਵਾ ਚੇਅਰਮੈਨ, ਇੰਪਰੂਵਮੈਂਟ ਟਰਸਟ, ਸੰਗਰੂਰ ਸ. ਪ੍ਰੀਤਮ ਸਿੰਘ ਪੀਤੂ ਅਤੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਓ.ਐੱਸ.ਡੀ. ਤਪਿੰਦਰ ਸੋਹੀ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਅਧੀਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਵਿੱਚ ਪਿੰਡ ਕੜਿਆਲ, ਧਰਮਗੜ੍ਹ ਛੰਨਾ ਅਤੇ ਰਤਨਗੜ੍ਹ ਵਿਖੇ ਡਿਫੈਂਸ ਕਮੇਟੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਕੀਤਾ।
ਉਹਨਾਂ ਦੱਸਿਆ ਕਿ ਹੁਣ ਤੱਕ 86 ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ, ਅਤੇ 75 ਤਸਕਰਾਂ ਨੂੰ ਐਨਕਾਊਂਟਰ ਜ਼ਰੀਏ ਫੜਿਆ ਗਿਆ ਹੈ। ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਇਹ ਇੱਕ ਸਮਾਜਿਕ ਸੰਕਲਪ ਹੈ। ਉਹ ਸਮਾਜ ਦੇ ਹਰ ਵਰਗ, ਹਰ ਪੰਚਾਇਤ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਅਪੀਲ ਕਰਦੇ ਹਨ ਕਿ ਇਸ ਅੰਦੋਲਨ ਨਾਲ ਜੁੜਨ।
ਇਸ ਮੌਕੇ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੀ ਸਹੁੰ ਵੀ ਚੁਕਾਈ ਗਈ, ਜਿਸ ਤਹਿਤ ਇਹ ਸੰਕਲਪ ਲਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਹੁਣ ਪਿੰਡ-ਪਿੰਡ ਤੋਂ ਸ਼ੁਰੂ ਹੋ ਚੁੱਕੀ ਹੈ। ਹਰ ਨਾਗਰਿਕ ਆਪਣੇ ਪਿੰਡ ਦਾ ਪਹਿਰੇਦਾਰ ਬਣੇਗਾ ਅਤੇ ਨਸ਼ਿਆਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਵੇਗਾ। ਹੁਣ ਨਾ ਕੋਈ ਨਸ਼ਾ ਵਿਕੇਗਾ, ਨਾ ਕੋਈ ਤਸਕਰ ਪਿੰਡ ਵਿੱਚ ਵੜੇਗਾ।
ਸ. ਸੋਹੀ ਤੇ ਸ. ਪੀਤੂ ਨੇ ਕਿਹਾ ਕਿ ਜੋ ਨਸ਼ਿਆਂ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਸਮਾਜ ਤੋਂ ਬਾਹਰ ਨਹੀਂ ਕੀਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਸਹੀ ਰਾਹ ਵਿਖਾ ਕੇ, ਪੁਨਰਵਾਸ ਲਈ ਉਪਰਾਲੇ ਕੀਤੇ ਜਾਣਗੇ। ਉਹਨਾਂ ਨੇ ਅਪੀਲ ਕੀਤੀ ਕਿ ਹਰ ਪਿੰਡ, ਹਰ ਪਰਿਵਾਰ, ਹਰ ਨੌਜਵਾਨ ਇਸ ਅੰਦੋਲਨ ਨਾਲ ਜੁੜੇ।
ਇਸ ਮੌਕੇ ਹਲਕਾ ਕੋਆਰਡੀਨੇਟਰ ਹਰਪ੍ਰੀਤ ਸਿੰਘ ਜੱਗਾ, ਨਵਨੀਤ ਸਿੰਘ ਤੇ ਹਰਪ੍ਰੀਤ ਸਿੰਘ ਬਲਾਕ ਪ੍ਰਧਾਨ, ਪ੍ਰਧਾਨ ਮਨਿੰਦਰ ਘੁਮਾਣ, ਬੀ.ਡੀ.ਪੀ.ਓ. ਪਰਦੀਪ ਸ਼ਾਰਦਾ ਸਮੇਤ ਪਿੰਡਾਂ ਦੇ ਪੰਚ ਸਰਪੰਚ, ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਡਿਫੈਂਸ ਕਮੇਟੀਆਂ ਦੇ ਮੈਂਬਰ ਤੇ ਵੱਡੀ ਗਿਣਤੀ ਆਮ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here