ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਪਾਰਟੀ ਦੇ ਮਜ਼ਬੂਤ ਢਾਂਚੇ ਸੰਬੰਧੀ ਕੀਤੀਆਂ ਵਿਚਾਰਾਂ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਭਾਰਤੀ ਹਾਈ ਕਮਿਸ਼ਨ ਲੰਡਨ ਵੱਲੋਂ ਕਰਵਾਏ ਗਣਤੰਤਰ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਹੋਏ ਸਨ। ਆਮ ਆਦਮੀ ਪਾਰਟੀ ਦਾ ਯੂਕੇ ਵਿੱਚ ਝੰਡਾ ਬੁਲੰਦ ਕਰਨ ਦੇ ਚਾਹਵਾਨ ਨੌਜਵਾਨ ਆਗੂ ਮਨਜੀਤ ਸਿੰਘ ਸ਼ਾਲਾਪੁਰੀ ਨੇ ਉਹਨਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਮਨਜੀਤ ਸਿੰਘ ਸ਼ਾਲਾਪੁਰੀ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸੰਬੰਧ ਵਿੱਚ ਹੋਈ ਸੰਖੇਪ ਵਾਰਤਾ ਦੌਰਾਨ ਸ੍ਰੀ ਰਾਘਵ ਚੱਢਾ ਨੇ ਯਕੀਨ ਦਿਵਾਇਆ ਕਿ ਪ੍ਰਵਾਸੀ ਪੰਜਾਬੀਆਂ ਦੇ ਪਾਰਟੀ ਲਈ ਪਿਆਰ ਤੇ ਭਰੋਸੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪਹਿਲ ਦੇ ਆਧਾਰ ‘ਤੇ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਵਿਸ਼ੇਸ਼ ਕੈਂਪ ਲਗਾ ਕੇ ਮੰਤਰੀ ਸਾਹਿਬਾਨਾਂ ਵੱਲੋਂ ਖੁਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਿਰੰਤਰ ਜਾਰੀ ਵੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਵਿਗੜੀ ਹੋਈ ਤਾਣੀ ਨੂੰ ਸੁਲਝਾਉਣ ਲਈ ਸਮੁੱਚੀ ਟੀਮ ਤਨਦੇਹੀ ਨਾਲ ਕਾਰਜ ਕਰ ਰਹੀ ਹੈ। ਸ਼ਾਲਾਪੁਰੀ ਅਨੁਸਾਰ ਉਹਨਾਂ ਸ੍ਰੀ ਰਾਘਵ ਚੱਢਾ ਨਾਲ ਯੂਕੇ ਵਿੱਚ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਵੀ ਵਿਚਾਰ ਵਟਾਂਦਰਾ ਕੀਤਾ ਗਿਆ।