ਧੂਰੀ, 29 ਫਰਵਰੀ, 2024: ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 7ਵੀਂ ਸਲਾਨਾ ਅਥਲੈਟਿਕਸ ਮੀਟ ਸਮੂਹ ਸਟਾਫ਼ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਿੱਚ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਸਵਰਗਵਾਸੀ ਅਧਿਆਪਕ ਡਾ. ਚਮਕੌਰ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਕਿਰਨਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਅਤੇ ਉਨ੍ਹਾਂ ਦੇ ਸਪੁੱਤਰ ਸ੍ਰ ਜਸਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿੱਚ ਇੱਕ ਮੰਜ਼ਿਲ ਹਾਸਲ ਕਰਨ ਤੋਂ ਬਾਅਦ ਰੁਕਣਾ ਨਹੀਂ ਚਾਹੀਦਾ ਸਗੋਂ ਅਗਲੀ ਮੰਜ਼ਿਲ ਲਈ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਕਾਲਜ ਨੂੰ 11000 ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਲੱਖਾ ਵੀ ਵਿਸ਼ੇਸ਼ ਮਹਿਮਾਨ ਵਜੋਂ ਖੇਡ ਸਮਾਰੋਹ ਵਿੱਚ ਸ਼ਾਮਿਲ ਹੋਏ।
ਸਰੀਰਿਕ ਸਿੱਖਿਆ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਸੰਜੀਵ ਦੱਤਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ। ਖਿਡਾਰੀ ਲੜਕੇ ਅਤੇ ਲੜਕੀਆਂ ਵਿੱਚੋਂ ਸੰਦੀਪ ਕੁਮਾਰ ਤੇ ਰਜਨੀ ਗਰਗ ਨੂੰ ਸਰਵੋਤਮ ਅਥਲੀਟ ਅਤੇ ਸ਼ਹੀਦ ਭਗਤ ਸਿੰਘ ਹਾਊਸ ਨੂੰ ਸਰਵੋਤਮ ਹਾਊਸ ਐਲਾਨਿਆ ਗਿਆ।
ਕਾਲਜ ਇੰਚਾਰਜ ਡਾ. ਸੁਭਾਸ਼ ਕੁਮਾਰ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਟੇਟ ਬੈਂਕ ਆਫ ਇੰਡੀਆ ਦੀ ਬੇਨੜਾ ਬਰਾਂਚ ਦਾ ਟਰਾਫੀਆਂ ਤੇ ਮੈਡਲ ਸਪਾਂਸਰ ਕਰਨ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ।
ਜੇਤੂ ਖਿਡਾਰੀਆਂ ਨੂੰ ਮੈਡਲਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਖਿਡਾਰੀਆਂ ਦੇ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਡਾ. ਜਸਬੀਰ ਸਿੰਘ ਨੇ ਨਿਭਾਈ। ਸਰੀਰਿਕ ਸਿੱਖਿਆ ਵਿਭਾਗ ਦੇ ਅਧਿਆਪਕ ਪ੍ਰੋ. ਦੀਪਕ ਸਿੰਘ ਅਤੇ ਪ੍ਰੋ. ਵੀਰਪਾਲ ਕੌਰ ਨੇ ਖੇਡ ਸਮਾਰੋਹ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।