ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ ਕੇ ਦੇ ਡਰਾਈਵਰਾਂ ਲਈ ਨੰਬਰ ਪਲੇਟਾਂ ਦੇ ਨਵੇਂ ਨਿਯਮ 28 ਸਤੰਬਰ ਤੋਂ ਲਾਗੂ ਹੋ ਗਏ ਹਨ, ਜਿਹਨਾਂ ਦੇ ਤਹਿਤ ਹੁਣ ਵਿਦੇਸ਼ਾਂ ਵਿੱਚ ਖਾਸ ਕਰਕੇ ਯੂਰਪੀਅਨ ਦੇਸ਼ਾਂ ਵਿੱਚ ਆਪਣੇ ਵਾਹਨ ਚਲਾ ਰਹੇ ਬ੍ਰਿਟਿਸ਼ ਲੋਕਾਂ ਨੂੰ ਪੁਰਾਣੀ ਜੀ ਬੀ ਸਟਿੱਕਰ ਵਾਲੀ ਨੰਬਰ ਪਲੇਟ ਨੂੰ ਅਲਵਿਦਾ ਕਹਿਣਾ ਹੋਵੇਗਾ। ਇਸਦੀ ਬਜਾਏ ਉਹਨਾਂ ਨੂੰ ਯੂ ਕੇ ਦੀ ਸਟਿੱਕਰ ਵਾਲੀ ਨਵੀਂ ਪਲੇਟ ਦੀ ਵਰਤੋਂ ਕਰਨੀ ਹੋਵੇਗੀ। ਇਸ ਸਬੰਧੀ ਬ੍ਰੈਕਸਿਟ ਤੋਂ ਬਾਅਦ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ ਨੇ ਜਨਵਰੀ ਵਿੱਚ ਐਲਾਨ ਕੀਤਾ ਸੀ ਕਿ ਯੂਕੇ ਦੇ ਵਾਹਨ ਚਾਲਕਾਂ ਨੂੰ ਯੂਰਪ ਵਿੱਚ ਆਪਣੀ ਗੱਡੀ ਚਲਾਉਣ ਲਈ ਇੱਕ ਨਵੀਂ ਰਜਿਸਟ੍ਰੇਸ਼ਨ ਪਲੇਟ ਦੀ ਜ਼ਰੂਰਤ ਹੋਵੇਗੀ। 31 ਜਨਵਰੀ ਨੂੰ ਬ੍ਰੈਕਸਿਟ ਦੀ ਪਹਿਲੀ ਵਰ੍ਹੇਗੰਢ ਮੌਕੇ ਗ੍ਰਾਂਟ ਸ਼ੈਪਸ ਨੇ ਨਵੇਂ ਡਿਜ਼ਾਈਨ ਦੀ ਜਾਣਕਾਰੀ ਦਿੱਤੀ ਸੀ। ਨਵੇਂ ਨਿਯਮਾਂ ਤਹਿਤ ਪੁਰਾਣੇ ਸਟਿੱਕਰ ਹੁਣ ਵੈਧ ਨਹੀਂ ਰਹਿਣਗੇ ਅਤੇ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਡਰਾਈਵਰਾਂ ਨੂੰ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਰਪੀਅਨ ਦੇਸ਼ਾਂ ਜਿਵੇਂ ਕਿ ਸਪੇਨ, ਸਾਈਪ੍ਰਸ ਜਾਂ ਮਾਲਟਾ ਵਿੱਚ ਯੂਕੇ ਦਾ ਸਟੀਕਰ ਦਿਖਾਉਣਾ ਜਰੂਰੀ ਹੋਵੇਗਾ । ਜਦਕਿ ਆਇਰਲੈਂਡ ਵਿੱਚ ਗੱਡੀ ਚਲਾਉਣ ਲਈ ਤੁਹਾਨੂੰ ਯੂਕੇ ਦੇ ਸਟੀਕਰ ਜਾਂ ਨੰਬਰ ਪਲੇਟ ਦੀ ਜ਼ਰੂਰਤ ਨਹੀਂ ਹੈ।
Boota Singh Basi
President & Chief Editor