ਬੰਗਾ 02 ਜਨਵਰੀ :- ਯੂ ਕੇ ਵਾਸੀ ਅਡਵਾਂਸ ਗਲੂਕੋਮਾ ਅਤੇ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਸੰਦੀਪ ਸਿੰਘ ਦਿਉਲ ਐਫ ਆਰ ਸੀ (ਔਪਥੈਲਮੋ), ਐਮ ਐਸ ਸੀ, ਪੀ ਐਚ ਡੀ, ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੇ ਭਾਰਤ ਦੇ ਵਿਸ਼ੇਸ਼ ਦੌਰੇ ਦੌਰਾਨ ਪੁੱਜੇ ਅਤੇ ਇਸ ਮੌਕੇ ਉਹਨਾਂ ਨੇ ਅੱਖਾਂ ਦੇ ਵਿਭਾਗ ਵਿਚ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਹਸਪਤਾਲ ਦਾ ਦੌਰਾ ਕੀਤਾ । ਇਸ ਮੌਕੇ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਡਾ.ਸੰਦੀਪ ਸਿੰਘ ਦਿਉਲ ਦਾ ਅੱਜ ਢਾਹਾਂ ਕਲੇਰਾਂ ਵਿਖੇ ਪੁੱਜਣ ‘ਤੇ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ । ਸ. ਕਾਹਮਾ ਨੇ ਦੱਸਿਆ ਕਿ ਡਾ. ਸੰਦੀਪ ਸਿੰਘ ਦਿਉਲ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਆਕਸਫੋਰਡ, ਇੰਗਲੈਂਡ ਅਤੇ ਅਮਰੀਕਾ ਤੋਂ ਕਰਨ ਉਪਰੰਤ ਨੌਰਥੈਂਪਟਨਸ਼ਾਇਰ ਯੂ.ਕੇ ਵਿਖੇ ਅਡਵਾਂਸ ਗਲੂਕੋਮਾ (ਕਾਲਾ ਮੋਤੀਆ) ਅਤੇ ਕੈਟਾਰੈਕਟ (ਚਿੱਟਾ ਮੋਤੀਆ) ਸਰਜਨ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ । ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਡਾ.ਸੰਦੀਪ ਸਿੰਘ ਦਿਉਲ ਨੂੰ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੀਆਂ ਸੰਸਥਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਲੋਕ ਸੇਵਾ ਹਿੱਤ ਟਰੱਸਟ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਦਿੱਤੀ । ਡਾ. ਸੰਦੀਪ ਸਿੰਘ ਦਿਉਲ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਰਾਹੀਂ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਵਧੀਆ ਮੈਡੀਕਲ ਸੇਵਾਵਾਂ ਦੇਣ ਤੋਂ ਇਲਾਵਾ ਲੋੜਵੰਦ ਅੱਖਾਂ ਦੇ ਮਰੀਜ਼ਾਂ ਲਈ ਚਲਾਈ ਜਾ ਰਹੀ ਚਿੱਟਾ ਮੋਤੀਆ ਮੁਕਤ ਲਹਿਰ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ । ਉਨ੍ਹਾਂ ਨੇ ਸੰਸਥਾਵਾਂ ਦੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਵੀ ਦਿੱਤੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਡਾ. ਸੰਦੀਪ ਸਿੰਘ ਦਿਉਲ ਐਫ ਆਰ ਸੀ (ਔਪਥੈਲਮੋ), ਐਮ ਐਸ ਸੀ, ਪੀ ਐਚ ਡੀ, ਦਾ ਸਨਮਾਨ ਕੀਤਾ ਅਤੇ ਢਾਹਾਂ ਕਲੇਰਾਂ ਵਿਖੇ ਆਉਣ ਲਈ ਹਾਰਦਿਕ ਧੰਨਵਾਦ ਵੀ ਕੀਤਾ । ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਹਰਬੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਅਤੇ ਡਾ. ਵਿਵੇਕ ਗੁੰਬਰ ਮੈਡੀਕਲ ਸ਼ਪੈਸ਼ਲਿਸਟ ਵੀ ਹਾਜ਼ਰ ਸਨ ।
Boota Singh Basi
President & Chief Editor