ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ ਕੇ ਵਿੱਚ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਸੈਂਕੜੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਦੀ ਰਿਹਾਇਸ਼ ਛੱਡਣ ਲਈ ਨੋਟਿਸ ਜਾਰੀ ਕੀਤੇ ਗਏ। ਇਸ ਸਬੰਧ ਵਿੱਚ ‘ਫਰੀਡਮ ਆਫ ਇਨਫਰਮੇਸ਼ਨ’ ਦੀ ਬੇਨਤੀ ਰਾਹੀਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ 340 ਤੋਂ ਵੱਧ ਵਿਦਿਆਰਥੀਆਂ ਨੂੰ ‘ਨੋਟਿਸ ਟੂ ਕੁਇਟ’ (ਐੱਨ ਟੀ ਕਿਊ) ਰਾਹੀਂ ਆਪਣੀ ਰਿਹਾਇਸ਼ ਛੱਡਣ ਲਈ ਕਿਹਾ ਗਿਆ। ਇਸ ਨੋਟਿਸ ਤਹਿਤ ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਸਮੇਂ ਵਿੱਚ ਵੱਖ ਵੱਖ ਕਾਰਨਾਂ ਕਰਕੇ ਰਿਹਾਇਸ਼ ਛੱਡਣ ਲਈ ਕਿਹਾ ਗਿਆ, ਜਿਹਨਾਂ ਵਿੱਚ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ, ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ, ਕਿਰਾਏ ਦਾ ਭੁਗਤਾਨ ਅਤੇ ਸ਼ੋਰ ਆਦਿ ਦੇ ਮੁੱਦੇ ਸ਼ਾਮਲ ਸਨ। ਜਾਣਕਾਰੀ ਅਨੁਸਾਰ ਘੱਟੋ ਘੱਟ 42 ਯੂਨੀਵਰਸਿਟੀਆਂ ਨੇ 2020-2021 ਵਿੱਦਿਅਕ ਸਾਲ ਦੌਰਾਨ ਵਿਦਿਆਰਥੀਆਂ ਨੂੰ ਐੱਨ ਟੀ ਕਿਊ ਜਾਰੀ ਕੀਤੇ, ਜਿਸ ਵਿੱਚ ਇਸ ਸਾਲ ਦੀ ਰਾਸ਼ਟਰੀ ਤਾਲਾਬੰਦੀ ਵੀ ਸ਼ਾਮਲ ਹੈ। ਬਹੁਤ ਸਾਰੇ ਵਿਦਿਆਰਥੀਆਂ ਨੇ ਐੱਨ ਟੀ ਕਿਊ ਦੁਆਰਾ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਰਿਹਾਇਸ਼ ਖਾਲੀ ਕਰ ਦਿੱਤੀ, ਜੋ ਕਿ ਕੁੱਝ ਮਾਮਲਿਆਂ ਵਿੱਚ ਇੱਕ ਮਹੀਨਾ ਸੀ। ‘ਫਰੀਡਮ ਆਫ ਇਨਫਰਮੇਸ਼ਨ‘ ਦੇ ਅਨੁਸਾਰ ਐਡਿਨਬਰਾ ਨੇਪੀਅਰ ਯੂਨੀਵਰਸਿਟੀ ਨੇ ਪਿਛਲੇ ਵਿਦਿਅਕ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਤੱਕ 40 ਵਿਦਿਆਰਥੀਆਂ ਨੂੰ ਐੱਨ ਟੀ ਕਿਊ ਦਿੱਤੇ ਅਤੇ ਗ੍ਰੀਨਵਿਚ ਯੂਨੀਵਰਸਿਟੀ ਨੇ ਫਰਵਰੀ ਵਿੱਚ ਕਿਰਾਏ ਦੇ ਬਕਾਏ ਲਈ 68 ਨੋਟਿਸ ਜਾਰੀ ਕੀਤੇ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਦੁਆਰਾ ਬਕਾਇਆ ਕਿਰਾਇਆ ਮਿਲਣ ਤੋਂ ਬਾਅਦ ਕੁੱਝ ਨੋਟਿਸ ਰੱਦ ਵੀ ਕੀਤੇ ਗਏ। ਇਹਨਾਂ ਦੇ ਇਲਾਵਾ ਹੋਰ ਵੀ ਕਈ ਪ੍ਰਮੁੱਖ ਯੂਨੀਵਰਸਿਟੀਆਂ ਵੱਲੋਂ ਇਸ ਤਰ੍ਹਾਂ ਦੇ ਨੋਟਿਸ ਵਿਦਿਆਰਥੀਆਂ ਨੂੰ ਮਹਾਂਮਾਰੀ ਦੌਰਾਨ ਜਾਰੀ ਕੀਤੇ ਗਏ। ਯੂਨੀਵਰਸਿਟੀਆਂ ਦੀ ਮਹਾਂਮਾਰੀ ਦੌਰਾਨ ਇਸ ਕਾਰਵਾਈ ਨੂੰ ਕੁੱਝ ਵਿਦਿਆਰਥੀ ਯੂਨੀਅਨਾਂ ਵੱਲੋਂ ਨਿਰਾਸ਼ਾਜਨਕ ਦੱਸਿਆ ਗਿਆ ਹੈ।
Boota Singh Basi
President & Chief Editor